ਚਿੱਟੀ ਦਸਤਾਰ ’ਚ ਨਜ਼ਰ ਆਏ ਅੰਗਦ ਦੀ ਵਿਦਵਤਾ ਤੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਮੁਹਾਰਤ ਨੇ ਖਿੱਚਿਆ ਧਿਆਨ
ਨਵੀਂ ਦਿੱਲੀ, 15 ਸਤੰਬਰ: BRICS ਸੰਮੇਲਨ ਨਾਲ ਜੁੜੀਆਂ ਮੀਟਿੰਗਾਂ, ਮੀਡੀਆ ਬ੍ਰੀਫਿੰਗਾਂ ਅਤੇ ਅਹਿਮ ਵਿਚਾਰ-ਵਟਾਂਦਰਿਆਂ ਦੌਰਾਨ ਚਿੱਟੀ ਦਸਤਾਰ ਸਜਾਈ ਨਜ਼ਰ ਆਏ ਪੰਜਾਬੀ ਨੌਜਵਾਨ ਅੰਗਦ ਸਿੰਘ ਬਰਾੜ ਨੇ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਅੰਗਦ ਬਰਾੜ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਜੁੜੇ ਹੋਏ ਹਨ ਅਤੇ BRICS ਨਾਲ ਸਬੰਧਤ ਅਹਿਮ ਕੰਮਾਂ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਨ।
ਅੰਗਦ ਬਰਾੜ ਪੰਜਾਬ ਪੁਲਿਸ ਦੇ ਅਧਿਕਾਰੀ ਰਵਚਰਨ ਸਿੰਘ ਬਰਾੜ ਦੇ ਪੁੱਤਰ ਹਨ। ਉਨ੍ਹਾਂ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕਾਦਮੀ, ਫਿਲੌਰ ਵਿੱਚ ਸਲਾਹਕਾਰ (ਸਿਖਲਾਈ) ਵਜੋਂ ਸੇਵਾ ਨਿਭਾ ਰਹੇ ਹਨ। ਪਰਿਵਾਰ ਦਾ ਸਬੰਧ ਪਟਿਆਲਾ ਨਾਲ ਦੱਸਿਆ ਜਾਂਦਾ ਹੈ।
ਜੁਲਾਈ 2025 ਤੋਂ ਅੰਗਦ ਬਰਾੜ ਵਿਦੇਸ਼ ਮੰਤਰਾਲੇ ਦੇ ਬਹੁਪੱਖੀ ਆਰਥਿਕ ਸਬੰਧਾਂ ਨਾਲ ਸਬੰਧਤ ਵਿਭਾਗ ਵਿੱਚ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ। ਭਾਰਤ ਦੀ 2026 BRICS ਪ੍ਰਧਾਨਗੀ ਨਾਲ ਜੁੜੀ ਟੀਮ ਵਿੱਚ ਵੀ ਉਨ੍ਹਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਮਿਲੀ ਹੋਈ ਹੈ।
ਉਨ੍ਹਾਂ ਦੇ ਕੰਮ ਵਿੱਚ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਉੱਚ ਪੱਧਰੀ ਅਧਿਕਾਰੀਆਂ ਲਈ ਭਾਸ਼ਣ, ਬ੍ਰੀਫਿੰਗ ਦਸਤਾਵੇਜ਼ ਅਤੇ ਮੁੱਖ ਬਿੰਦੂ ਤਿਆਰ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਜੀ7 ਅਤੇ ਆਈਐੱਮਐੱਫ-ਵਿਸ਼ਵ ਬੈਂਕ ਦੀਆਂ ਸਾਲਾਨਾ ਬੈਠਕਾਂ ਨਾਲ ਸਬੰਧਤ ਕੰਮਾਂ ਵਿੱਚ ਵੀ ਉਹ ਯੋਗਦਾਨ ਦੇ ਰਹੇ ਹਨ।
ਅੰਗਦ ਬਰਾੜ ਦੀ ਪੜ੍ਹਾਈ ਵੀ ਉਨ੍ਹਾਂ ਦੀ ਪ੍ਰੋਫੈਸ਼ਨਲ ਯਾਤਰਾ ਦਾ ਇੱਕ ਅਹਿਮ ਪੱਖ ਹੈ। ਉਨ੍ਹਾਂ ਨੇ 2023 ਵਿੱਚ ਕੈਂਬਰਿਜ ਯੂਨੀਵਰਸਿਟੀ ਤੋਂ ਰਾਜਨੀਤੀ ਅਤੇ ਕੌਮਾਂਤਰੀ ਅਧਿਐਨ ਵਿੱਚ ਐੱਮ.ਫਿਲ ਦੀ ਡਿਗਰੀ ਪਹਿਲੇ ਦਰਜੇ ਨਾਲ ਹਾਸਲ ਕੀਤੀ। ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਮਾਜ ਸ਼ਾਸਤਰ ਵਿੱਚ ਬੀ.ਏ. ਆਨਰਜ਼ ਅਤੇ ਐੱਮ.ਏ. ਦੌਰਾਨ ਵੀ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਗੋਲਡ ਮੈਡਲ ਪ੍ਰਾਪਤ ਕੀਤੇ।
ਕੈਂਬਰਿਜ ਯੂਨੀਵਰਸਿਟੀ ਦੇ ਡਿਗਰੀ ਸਮਾਰੋਹ ਨਾਲ ਜੁੜੀ ਅੰਗਦ ਦੀ ਇੱਕ ਤਸਵੀਰ ਵੀ ਪਹਿਲਾਂ ਚਰਚਾ ਵਿੱਚ ਆ ਚੁੱਕੀ ਹੈ। ਉਨ੍ਹਾਂ ਦੇ ਪਿਤਾ ਵੱਲੋਂ ਦੱਸਿਆ ਗਿਆ ਕਿ ਡਿਗਰੀ ਪ੍ਰਾਪਤ ਕਰਨ ਸਮੇਂ ਚਾਂਸਲਰ ਅੱਗੇ ਝੁਕਣ ਦੀ ਰਵਾਇਤ ਦੀ ਬਜਾਏ ਅੰਗਦ ਸਿੱਧੇ ਖੜ੍ਹੇ ਰਹੇ। ਪਰਿਵਾਰ ਨੇ ਇਸ ਨੂੰ ਭਾਰਤੀ ਆਤਮ-ਵਿਸ਼ਵਾਸ ਅਤੇ ਸਵੈ-ਮਾਣ ਨਾਲ ਜੋੜਿਆ।
ਵਿਦੇਸ਼ ਮੰਤਰਾਲੇ ਵਿੱਚ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਅੰਗਦ ਬਰਾੜ ਚਿੰਤਨ ਰਿਸਰਚ ਫਾਊਂਡੇਸ਼ਨ ਅਤੇ ਓਬਜ਼ਰਵਰ ਰਿਸਰਚ ਫਾਊਂਡੇਸ਼ਨ ਨਾਲ ਖੋਜ ਦੇ ਖੇਤਰ ਵਿੱਚ ਕੰਮ ਕਰ ਚੁੱਕੇ ਹਨ। ਕੌਮਾਂਤਰੀ ਮਾਮਲਿਆਂ ਨਾਲ ਜੁੜੇ ਵਿਸ਼ਿਆਂ ’ਤੇ ਉਨ੍ਹਾਂ ਦੇ ਕਈ ਖੋਜ ਪੱਤਰ ਅਤੇ ਵਿਸ਼ਲੇਸ਼ਣਾਤਮਕ ਲੇਖ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ।
ਅੰਤਰਰਾਸ਼ਟਰੀ ਕੂਟਨੀਤੀ ਅਤੇ ਬਹੁਪੱਖੀ ਮੰਚਾਂ ’ਤੇ ਪੰਜਾਬੀ ਨੌਜਵਾਨ ਦੀ ਇਹ ਭੂਮਿਕਾ ਹੁਣ BRICS ਸੰਮੇਲਨ ਦੌਰਾਨ ਖਾਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ।