ਪੁਲੀਸ ਸੁਰੱਖਿਆ ਹੇਠ ਦਿੱਤੀ ਅੰਤਿਮ ਵਿਦਾਈ; ਪੀਜੀਆਈ ਵਿੱਚ ਹੋਇਆ ਪੋਸਟਮਾਰਟਮ, ਭੈਣ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਮਾਨਸਾ: ਮਾਨਸਾ ਨੇੜਲੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਵੀਰਵਾਰ ਨੂੰ ਪਿੰਡ ਵਿੱਚ ਪੁਲੀਸ ਸੁਰੱਖਿਆ ਹੇਠ ਅੰਤਿਮ ਸਸਕਾਰ ਕਰ ਦਿੱਤਾ ਗਿਆ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੀਜੀਆਈ ਵਿੱਚ ਕਰਵਾਇਆ ਗਿਆ, ਜਿਸ ਮਗਰੋਂ ਦੇਹ ਪਿੰਡ ਲਿਆਂਦੀ ਗਈ।
ਦਲਜੀਤ ਸਿੰਘ ਦੀ ਮੌਤ ਤੋਂ ਕਰੀਬ 10 ਦਿਨ ਬਾਅਦ ਜਦੋਂ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਆਪਣੇ ਇਕਲੌਤੇ ਭਰਾ ਦੀ ਮ੍ਰਿਤਕ ਦੇਹ ਦੇਖ ਕੇ ਭੈਣ ਅਮਰਜੀਤ ਕੌਰ ਭਾਵੁਕ ਹੋ ਗਈ। ਉਸ ਨੇ ਦਲਜੀਤ ਦੀ ਮੌਤ ਲਈ ਨਸ਼ਿਆਂ ਦੀ ਸਮੱਸਿਆ ਅਤੇ ਸਰਕਾਰ ਦੀ ਕਥਿਤ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ।
ਦਲਜੀਤ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਪਸੀ ਸਹਿਮਤੀ ਨਾਲ ਅੰਤਿਮ ਸਸਕਾਰ ਕੀਤਾ ਹੈ। ਅਦਾਲਤੀ ਆਦੇਸ਼ਾਂ ਦੇ ਮੱਦੇਨਜ਼ਰ ਇਸ ਮੌਕੇ ਕੋਈ ਵੀ ਸਿਆਸੀ ਆਗੂ ਸ਼ਾਮਲ ਨਹੀਂ ਹੋਇਆ।
ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਠੋਸ ਅਤੇ ਸਖ਼ਤ ਕਦਮ ਚੁੱਕੇ ਜਾਣ। ਭੈਣ ਅਮਰਜੀਤ ਕੌਰ ਨੇ ਕਿਹਾ ਕਿ ਸਰਕਾਰ ਅਜਿਹੀ ਕਾਰਵਾਈ ਕਰੇ ਤਾਂ ਜੋ ਕਿਸੇ ਹੋਰ ਪਰਿਵਾਰ ਨੂੰ ਆਪਣੇ ਨੌਜਵਾਨ ਪੁੱਤ ਜਾਂ ਭਰਾ ਨੂੰ ਇਸ ਤਰ੍ਹਾਂ ਨਾ ਗੁਆਉਣਾ ਪਵੇ।
ਦਲਜੀਤ ਸਿੰਘ ਦੇ ਸਸਕਾਰ ਮੌਕੇ ਪਿੰਡ ਵਿੱਚ ਸੋਗ ਦਾ ਮਾਹੌਲ ਰਿਹਾ ਅਤੇ ਪਰਿਵਾਰ ਨੇ ਭਰੇ ਮਨ ਨਾਲ ਉਸ ਨੂੰ ਅੰਤਿਮ ਵਿਦਾਈ ਦਿੱਤੀ।