ਰਿਪਬਲੀਕਨ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਜ਼ਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ; ਡੈਮੋਕ੍ਰੇਟਸ ਨੇ ਕਈ ਰਵਾਇਤੀ ਰਿਪਬਲੀਕਨ ਗੜ੍ਹਾਂ ’ਚ ਵੀ ਜਿੱਤ ਦਰਜ ਕੀਤੀ
ਵਾਸ਼ਿੰਗਟਨ: ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਕਿਨਾਰਾ ਕਰ ਲਿਆ ਹੈ। ਚੋਣ ਪ੍ਰਚਾਰ ਦੌਰਾਨ ਖ਼ੁਦ ਸਰਗਰਮੀ ਨਾਲ ਰੈਲੀਆਂ ਕਰਨ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਨ ਵਾਲੇ ਟਰੰਪ ਨੇ ਹੁਣ ਕਿਹਾ ਹੈ ਕਿ ਉਹ ਇਸ ਹਾਰ ਨੂੰ ਆਪਣੀ ਹਾਰ ਨਹੀਂ ਮੰਨਣਾ ਚਾਹੁੰਦੇ, ਕਿਉਂਕਿ ਉਹ ਖ਼ੁਦ ਚੋਣ ਮੈਦਾਨ ਵਿੱਚ ਨਹੀਂ ਸਨ।
ਚੋਣ ਨਤੀਜਿਆਂ ਤੋਂ ਬਾਅਦ ਟਰੰਪ ਦਾ ਇਹ ਬਿਆਨ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਵਿਰੋਧੀਆਂ ਵੱਲੋਂ ਇਸ ਨੂੰ ਹਾਰ ਦੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਇਨ੍ਹਾਂ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਕਈ ਅਜਿਹੀਆਂ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਨੂੰ ਰਵਾਇਤੀ ਤੌਰ ’ਤੇ ਰਿਪਬਲੀਕਨ ਪਾਰਟੀ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਸਾਊਥ ਕੈਰੋਲਾਇਨਾ ਅਤੇ ਕੰਸਾਸ ਵਰਗੇ ਸੂਬਿਆਂ ਵਿੱਚ ਵੀ ਡੈਮੋਕ੍ਰੇਟਿਕ ਉਮੀਦਵਾਰਾਂ ਦੀ ਜਿੱਤ ਨੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ।
ਇਸ ਤੋਂ ਇਲਾਵਾ ਟੈਕਸਾਸ ਵਿੱਚ ਵੀ ਡੈਮੋਕ੍ਰੇਟਸ ਨੇ ਲੰਮੇ ਸਮੇਂ ਬਾਅਦ ਅਹਿਮ ਜਿੱਤਾਂ ਦਰਜ ਕੀਤੀਆਂ ਹਨ। ਚੋਣ ਨਤੀਜਿਆਂ ਨੇ ਅਮਰੀਕੀ ਰਾਜਨੀਤੀ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਵਾਪਸੀ ਦੇ ਸੰਕੇਤ ਦਿੱਤੇ ਹਨ।
ਰਿਪਬਲੀਕਨ ਪਾਰਟੀ ਦੀ ਇਸ ਹਾਰ ਤੋਂ ਬਾਅਦ ਹੁਣ ਟਰੰਪ ਦੀ ਅਗਵਾਈ ਅਤੇ ਚੋਣ ਰਣਨੀਤੀ ’ਤੇ ਵੀ ਸਵਾਲ ਉੱਠ ਰਹੇ ਹਨ।