You are currently viewing ਇੰਗਲੈਂਡ ’ਚ ਘਰ ਨੂੰ ਅੱਗ ਲੱਗਣ ਕਾਰਨ ਪੰਜਾਬ ਦੀ ਡਾਕਟਰ ਦੀ ਮੌਤ; ਪਿਤਾ ਨੇ ਜਤਾਇਆ ਕਤਲ ਦਾ ਸ਼ੱਕ

ਇੰਗਲੈਂਡ ’ਚ ਘਰ ਨੂੰ ਅੱਗ ਲੱਗਣ ਕਾਰਨ ਪੰਜਾਬ ਦੀ ਡਾਕਟਰ ਦੀ ਮੌਤ; ਪਿਤਾ ਨੇ ਜਤਾਇਆ ਕਤਲ ਦਾ ਸ਼ੱਕ

ਸਹੁਰਾ ਪਰਿਵਾਰ ਨੇ ਸ਼ਾਰਟ ਸਰਕਟ ਜਾਂ ਹੀਟਰ ਕਾਰਨ ਹਾਦਸਾ ਵਾਪਰਨ ਦੀ ਕਹੀ ਗੱਲ; ਪਤੀ ਵੀ ਗੰਭੀਰ ਜ਼ਖ਼ਮੀ, ਕੋਮਾ ’ਚ ਹੋਣ ਦੀ ਜਾਣਕਾਰੀ

ਫਗਵਾੜਾ: ਇੰਗਲੈਂਡ ਵਿੱਚ ਘਰ ਨੂੰ ਲੱਗੀ ਭਿਆਨਕ ਅੱਗ ਨੇ ਫਗਵਾੜਾ ਨਾਲ ਸਬੰਧਤ ਡਾ. ਸ਼ਿਵਾਨੀ ਦੀ ਜਾਨ ਲੈ ਲਈ। ਇਸ ਦੁਖਦਾਈ ਘਟਨਾ ਤੋਂ ਬਾਅਦ ਇਲਾਕੇ ਦੇ ਮੈਡੀਕਲ ਭਾਈਚਾਰੇ ਅਤੇ ਪਰਿਵਾਰਕ ਜਾਣਕਾਰਾਂ ਵਿੱਚ ਸੋਗ ਦਾ ਮਾਹੌਲ ਹੈ। ਮਾਮਲੇ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ ਜਦੋਂ ਮ੍ਰਿਤਕਾ ਦੇ ਪਿਤਾ ਨੇ ਉਸ ਦੇ ਸਹੁਰਾ ਪਰਿਵਾਰ ’ਤੇ ਘਰੇਲੂ ਤਸ਼ੱਦਦ ਅਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ ਲਗਾਏ। ਦੂਜੇ ਪਾਸੇ, ਸਹੁਰਾ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਜਾਂ ਹੀਟਰ ਦੱਸਿਆ ਹੈ।

ਮਿਲੀ ਜਾਣਕਾਰੀ ਮੁਤਾਬਕ, ਇਹ ਘਟਨਾ ਦੇਰ ਰਾਤ ਵਾਪਰੀ, ਜਦੋਂ ਇੰਗਲੈਂਡ ਵਿੱਚ ਡਾ. ਸ਼ਿਵਾਨੀ ਅਤੇ ਉਸ ਦੇ ਪਤੀ ਦੇ ਘਰ ਅਚਾਨਕ ਅੱਗ ਲੱਗ ਗਈ। ਘਰ ਵਿੱਚੋਂ ਧੂੰਆਂ ਉੱਠਦਾ ਦੇਖ ਕੇ ਗੁਆਂਢੀਆਂ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੀਆਂ ਫਾਇਰ ਅਤੇ ਰੈਸਕਿਊ ਟੀਮਾਂ ਨੇ ਦੋਵਾਂ ਨੂੰ ਘਰ ਵਿੱਚੋਂ ਬਾਹਰ ਕੱਢਿਆ।

ਹਾਲਾਂਕਿ, ਡਾਕਟਰੀ ਸਹਾਇਤਾ ਦਿੱਤੇ ਜਾਣ ਦੇ ਬਾਵਜੂਦ ਡਾ. ਸ਼ਿਵਾਨੀ ਦੀ ਜਾਨ ਨਹੀਂ ਬਚਾਈ ਜਾ ਸਕੀ। ਮੁੱਢਲੀ ਜਾਣਕਾਰੀ ਅਨੁਸਾਰ, ਉਸ ਦੀ ਮੌਤ ਧੂੰਏਂ ਕਾਰਨ ਦਮ ਘੁੱਟਣ ਅਤੇ ਅੱਗ ਨਾਲ ਝੁਲਸਣ ਕਰਕੇ ਹੋਈ।

ਇਸ ਘਟਨਾ ਵਿੱਚ ਉਸ ਦਾ ਪਤੀ ਦਿਲਾਵਰ ਕਟਾਰੀਆ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਬਰਮਿੰਘਮ ਦੇ ਕੁਈਨ ਐਲਿਜ਼ਾਬੇਥ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੋਮਾ ਵਿੱਚ ਹੈ ਅਤੇ ਵੈਂਟੀਲੇਟਰ ਦੀ ਸਹਾਇਤਾ ’ਤੇ ਹੈ।

ਮ੍ਰਿਤਕਾ ਦੇ ਪਿਤਾ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਸਹੁਰਾ ਪਰਿਵਾਰ ਵੱਲੋਂ ਦਿੱਤੀ ਗਈ ਵੱਖਰੀ ਦਲੀਲ ਕਾਰਨ ਇਸ ਘਟਨਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।