You are currently viewing ਸਾਊਦੀ ਅਰਬ ’ਚ ਪਠਾਨਕੋਟ ਦੇ ਸਿੱਖ ਟਰੱਕ ਡਰਾਈਵਰ ਨੂੰ ਮੌਤ ਦੀ ਸਜ਼ਾ, ਪਰਿਵਾਰ ਨੇ ਮੋਦੀ ਸਰਕਾਰ ਤੋਂ ਲਾਈ ਗੁਹਾਰ

ਸਾਊਦੀ ਅਰਬ ’ਚ ਪਠਾਨਕੋਟ ਦੇ ਸਿੱਖ ਟਰੱਕ ਡਰਾਈਵਰ ਨੂੰ ਮੌਤ ਦੀ ਸਜ਼ਾ, ਪਰਿਵਾਰ ਨੇ ਮੋਦੀ ਸਰਕਾਰ ਤੋਂ ਲਾਈ ਗੁਹਾਰ

ਕਥਿਤ ਨਸ਼ਾ ਤਸਕਰੀ ਮਾਮਲੇ ’ਚ ਤਿੰਨ ਸਾਲ ਤੋਂ ਜੇਲ੍ਹ ’ਚ ਬੰਦ ਹੈ ਬਲਜਿੰਦਰ ਸਿੰਘ; ਪਰਿਵਾਰ ਨੇ ਕਾਨੂੰਨੀ ਤੇ ਕੂਟਨੀਤਕ ਦਖ਼ਲ ਦੀ ਕੀਤੀ ਮੰਗ

ਪਠਾਨਕੋਟ, 15 ਸਤੰਬਰ: ਸਾਊਦੀ ਅਰਬ ਵਿੱਚ ਕਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਪਠਾਨਕੋਟ ਨਾਲ ਸਬੰਧਤ ਸਿੱਖ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਬਲਜਿੰਦਰ ਦੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਤੁਰੰਤ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

ਪਰਿਵਾਰ ਮੁਤਾਬਕ ਬਲਜਿੰਦਰ ਪਿਛਲੇ ਲਗਭਗ ਇੱਕ ਦਹਾਕੇ ਤੋਂ ਦੁਬਈ ਵਿੱਚ ਟਰੱਕ ਚਲਾ ਕੇ ਰੋਜ਼ੀ-ਰੋਟੀ ਕਮਾ ਰਿਹਾ ਸੀ। ਕੰਮ ਦੇ ਸਿਲਸਿਲੇ ਵਿੱਚ ਉਹ ਅਕਸਰ ਵੱਖ-ਵੱਖ ਸਮਾਨ ਲੈ ਕੇ ਸਾਊਦੀ ਅਰਬ ਜਾਂਦਾ ਰਹਿੰਦਾ ਸੀ।

ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਦੁਬਈ ਵਿੱਚ ਰਹਿੰਦੇ ਇੱਕ ਜਾਣਕਾਰ ਨੇ ਬਲਜਿੰਦਰ ਨੂੰ ਆਪਣੇ ਬਿਮਾਰ ਪਿਤਾ ਲਈ ਦਵਾਈਆਂ ਦਾ ਪੈਕੇਟ ਸਾਊਦੀ ਅਰਬ ਪਹੁੰਚਾਉਣ ਦੀ ਬੇਨਤੀ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਉਸ ਵਿਅਕਤੀ ਨੇ ਬਲਜਿੰਦਰ ਨੂੰ ਆਪਣੇ ਪਿਤਾ ਦੀ ਬਿਮਾਰੀ ਨਾਲ ਸਬੰਧਤ ਵੀਡੀਓ ਵੀ ਦਿਖਾਈ ਸੀ।

ਬਲਜਿੰਦਰ ਦੇ ਪਿਤਾ ਜਸਵਿੰਦਰ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਪਹਿਲਾਂ ਅਣਜਾਣ ਵਿਅਕਤੀ ਦਾ ਸਮਾਨ ਲਿਜਾਣ ਤੋਂ ਦੋ ਵਾਰ ਇਨਕਾਰ ਕੀਤਾ ਸੀ। ਪਰ ਬਿਮਾਰ ਬਜ਼ੁਰਗ ਦੀ ਹਾਲਤ ਦੇਖ ਕੇ ਉਹ ਮਨੁੱਖੀ ਹਮਦਰਦੀ ਦੇ ਆਧਾਰ ’ਤੇ ਦਵਾਈਆਂ ਦਾ ਪੈਕੇਟ ਆਪਣੇ ਟਰੱਕ ਵਿੱਚ ਰੱਖਣ ਲਈ ਤਿਆਰ ਹੋ ਗਿਆ।

ਪਰਿਵਾਰ ਅਨੁਸਾਰ, ਦੁਬਈ ਤੋਂ ਸਾਊਦੀ ਅਰਬ ਜਾਂਦੇ ਸਮੇਂ ਸਰਹੱਦ ’ਤੇ ਟਰੱਕ ਦੀ ਜਾਂਚ ਦੌਰਾਨ ਇਹ ਪੈਕੇਟ ਸੁਰੱਖਿਆ ਅਧਿਕਾਰੀਆਂ ਦੇ ਸ਼ੱਕ ਦੇ ਘੇਰੇ ਵਿੱਚ ਆ ਗਿਆ। ਤਲਾਸ਼ੀ ਦੌਰਾਨ ਦਵਾਈਆਂ ਦੇ ਡੱਬੇ ਵਿੱਚੋਂ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜਿਸ ਤੋਂ ਬਾਅਦ ਸਾਊਦੀ ਅਧਿਕਾਰੀਆਂ ਨੇ ਬਲਜਿੰਦਰ ਨੂੰ ਹਿਰਾਸਤ ਵਿੱਚ ਲੈ ਲਿਆ।

ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਲਗਭਗ ਤਿੰਨ ਸਾਲ ਤੱਕ ਕਾਨੂੰਨੀ ਕਾਰਵਾਈ ਚੱਲੀ ਅਤੇ ਹੁਣ ਸਾਊਦੀ ਅਦਾਲਤ ਵੱਲੋਂ ਬਲਜਿੰਦਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਬਲਜਿੰਦਰ ਅੰਮ੍ਰਿਤਧਾਰੀ ਸਿੱਖ ਹੈ ਅਤੇ ਉਸ ਦੇ ਪਰਿਵਾਰ ਵਿੱਚ ਬਜ਼ੁਰਗ ਮਾਤਾ-ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਬੱਚੇ ਹਨ।

ਬਲਜਿੰਦਰ ਦੇ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਮੰਤਰਾਲੇ ਰਾਹੀਂ ਸਾਊਦੀ ਅਰਬ ਦੇ ਅਧਿਕਾਰੀਆਂ ਨਾਲ ਮਾਮਲਾ ਉਠਾਇਆ ਜਾਵੇ। ਪਰਿਵਾਰ ਨੇ ਬਲਜਿੰਦਰ ਨੂੰ ਕਾਨੂੰਨੀ ਸਹਾਇਤਾ ਦਿਵਾਉਣ ਦੇ ਨਾਲ-ਨਾਲ ਕੂਟਨੀਤਕ ਪੱਧਰ ’ਤੇ ਪੈਰਵੀ ਕਰਨ ਅਤੇ ਮੌਤ ਦੀ ਸਜ਼ਾ ਤੋਂ ਰਾਹਤ ਦਿਵਾਉਣ ਲਈ ਹਰ ਸੰਭਵ ਯਤਨ ਕਰਨ ਦੀ ਮੰਗ ਕੀਤੀ ਹੈ।