You are currently viewing ਅਮਰੀਕਾ ਨੇ ਪਹਿਲੀ ਵਾਰ ਮੰਨਿਆ, ਪੁਲਾੜ ਵਿੱਚ ਤਾਇਨਾਤ ਕੀਤੇ ਹਥਿਆਰ

ਅਮਰੀਕਾ ਨੇ ਪਹਿਲੀ ਵਾਰ ਮੰਨਿਆ, ਪੁਲਾੜ ਵਿੱਚ ਤਾਇਨਾਤ ਕੀਤੇ ਹਥਿਆਰ

ਵਾਸਿ਼ੰਗਟਨ ਡੀਸੀ : ਅਮਰੀਕਾ ਨੇ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਮੰਨਿਆ ਹੈ ਕਿ ਉਸ ਨੇ ਪੁਲਾੜ ਵਿੱਚ ਅਜਿਹੇ ਹਥਿਆਰ ਤਾਇਨਾਤ ਕੀਤੇ ਹੋਏ ਹਨ, ਜਿਨ੍ਹਾਂ ਦੀ ਵਰਤੋਂ ਲੋੜ ਪੈਣ ’ਤੇ ਆਪਣੇ ਸੈਨਿਕਾਂ ਅਤੇ ਪੁਲਾੜੀ ਪ੍ਰਣਾਲੀਆਂ ਨੂੰ ਦੁਸ਼ਮਣ ਦੇ ਹਮਲੇ ਤੋਂ ਬਚਾਉਣ ਲਈ ਕੀਤੀ ਜਾ ਸਕਦੀ ਹੈ।
ਅਮਰੀਕੀ ਹਵਾਈ ਸੈਨਾ ਦੇ ਸਕੱਤਰ ਟਰੌਏ ਮਿੰਕ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਹਥਿਆਰ ਕਿਸ ਕਿਸਮ ਦੇ ਹਨ, ਇਨ੍ਹਾਂ ਦੀ ਗਿਣਤੀ ਕਿੰਨੀ ਹੈ ਜਾਂ ਇਨ੍ਹਾਂ ਨੂੰ ਪੁਲਾੜ ਵਿੱਚ ਕਦੋਂ ਭੇਜਿਆ ਗਿਆ ਸੀ। ਇਨ੍ਹਾਂ ਵੇਰਵਿਆਂ ਨੂੰ ਹਾਲੇ ਗੁਪਤ ਰੱਖਿਆ ਗਿਆ ਹੈ।
ਅਮਰੀਕਾ ਦਾ ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ, ਰੂਸ ਅਤੇ ਚੀਨ ਵਿਚਕਾਰ ਪੁਲਾੜ ਵਿੱਚ ਆਪਣੀ ਸੈਨਿਕ ਸਮਰੱਥਾ ਵਧਾਉਣ ਦੀ ਦੌੜ ਜਾਰੀ ਹੈ। ਇਸ ਕਾਰਨ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਹੋਰ ਤੇਜ਼ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਆਧੁਨਿਕ ਜੰਗ ਵਿੱਚ ਸੈਟੇਲਾਈਟਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋ ਗਈ ਹੈ। ਫੌਜਾਂ ਇਨ੍ਹਾਂ ਦੀ ਵਰਤੋਂ ਸੰਚਾਰ, ਨੇਵੀਗੇਸ਼ਨ, ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਮਿਜ਼ਾਈਲਾਂ ਦੀ ਨਿਗਰਾਨੀ ਲਈ ਕਰਦੀਆਂ ਹਨ। ਜੇ ਕਿਸੇ ਦੇਸ਼ ਦੇ ਮਹੱਤਵਪੂਰਨ ਸੈਟੇਲਾਈਟਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਦੀ ਫੌਜੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ।
ਮਾਹਰਾਂ ਨੂੰ ਚਿੰਤਾ ਹੈ ਕਿ ਅਮਰੀਕਾ ਦੇ ਇਸ ਐਲਾਨ ਤੋਂ ਬਾਅਦ ਰੂਸ ਅਤੇ ਚੀਨ ਵੀ ਆਪਣੀਆਂ ਪੁਲਾੜੀ ਸੈਨਿਕ ਸਮਰੱਥਾਵਾਂ ਵਧਾਉਣ ਲਈ ਨਵੇਂ ਹਥਿਆਰ ਅਤੇ ਤਕਨਾਲਾਜੀ ਵਿਕਸਤ ਕਰ ਸਕਦੇ ਹਨ।
ਇਸ ਤਰ੍ਹਾਂ ਇੱਕ ਦੇਸ਼ ਦੀ ਸੈਨਿਕ ਤਿਆਰੀ ਦੂਜੇ ਦੇਸ਼ ਨੂੰ ਵੀ ਜਵਾਬੀ ਤੌਰ ’ਤੇ ਆਪਣੀ ਤਾਕਤ ਵਧਾਉਣ ਲਈ ਪ੍ਰੇਰਿਤ ਕਰ ਸਕਦੀ ਹੈ, ਜਿਸ ਨਾਲ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਅਤੇ ਭਵਿੱਖ ਵਿੱਚ ਟਕਰਾਅ ਦਾ ਖ਼ਤਰਾ ਵਧ ਸਕਦਾ ਹੈ।