You are currently viewing ਸਾਬਕਾ NFL ਖਿਡਾਰੀ ਅਲਫੌਂਸੋ ਸਮਿਥ ਦਾ 40 ਸਾਲ ਦੀ ਉਮਰ ਵਿੱਚ ਦੇਹਾਂਤ

ਸਾਬਕਾ NFL ਖਿਡਾਰੀ ਅਲਫੌਂਸੋ ਸਮਿਥ ਦਾ 40 ਸਾਲ ਦੀ ਉਮਰ ਵਿੱਚ ਦੇਹਾਂਤ

ਫਲੋਰਿਡਾ: ਸਾਬਕਾ ਐਨਐਫਐਲ ਖਿਡਾਰੀ ਅਤੇ ਵੇਕ ਫੌਰੈਸਟ ਯੂਨੀਵਰਸਿਟੀ ਦੇ ਸਾਬਕਾ ਸਟਾਰ ਫੁੱਟਬਾਲ ਖਿਡਾਰੀ ਅਲਫੌਂਸੋ ਸਮਿਥ ਦਾ 40 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਵੇਕ ਫੌਰੈਸਟ ਯੂਨੀਵਰਸਿਟੀ ਨੇ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਯੂਨੀਵਰਸਿਟੀ ਨੇ ਮੌਤ ਦੀ ਪੁਸ਼ਟੀ ਕੀਤੀ, ਜਦਕਿ ਸ਼ੁਰੂਆਤੀ ਬਿਆਨ ਵਿੱਚ ਮੌਤ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ।

ਪਾਮ ਬੀਚ ਕਾਊਂਟੀ ਸ਼ੈਰਿਫ਼ ਦਫ਼ਤਰ ਮੁਤਾਬਕ ਬੁੱਧਵਾਰ ਦੁਪਹਿਰ ਪਾਹੋਕੀ ਸਥਿਤ ਇੱਕ ਪਤੇ ਤੋਂ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਸੀ। ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਅਲਫੌਂਸੋ ਸਮਿਥ ਨੇ 2009 ਵਿੱਚ ਡੈਨਵਰ ਬ੍ਰੋਂਕੋਜ਼ ਨਾਲ ਆਪਣਾ ਐਨਐਫਐਲ ਕਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਡੈਟਰਾਇਟ ਲਾਇਨਜ਼ ਨਾਲ ਜੁੜੇ। ਲਾਇਨਜ਼ ਵੱਲੋਂ ਖੇਡਦਿਆਂ ਦੋ ਸੀਜ਼ਨਾਂ ਵਿੱਚ ਉਨ੍ਹਾਂ ਨੇ 33 ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ 8 ਇੰਟਰਸੈਪਸ਼ਨ ਕੀਤੇ। ਇਨ੍ਹਾਂ ਵਿੱਚੋਂ ਦੋ ਇੰਟਰਸੈਪਸ਼ਨਾਂ ਨੂੰ ਉਨ੍ਹਾਂ ਨੇ ਟੱਚਡਾਊਨ ਵਿੱਚ ਬਦਲਿਆ।

ਆਪਣੇ ਕੁੱਲ ਐਨਐਫਐਲ ਕਰੀਅਰ ਦੌਰਾਨ ਸਮਿਥ ਨੇ ਚਾਰ ਸਾਲਾਂ ਵਿੱਚ 44 ਮੈਚ ਖੇਡੇ। ਇਸ ਤੋਂ ਪਹਿਲਾਂ ਵੇਕ ਫੌਰੈਸਟ ਯੂਨੀਵਰਸਿਟੀ ਲਈ ਕਾਲਜ ਫੁੱਟਬਾਲ ਵਿੱਚ ਵੀ ਉਨ੍ਹਾਂ ਨੇ ਆਪਣੀ ਖੇਡ ਦਾ ਲੋਹਾ ਮਨਵਾਇਆ। 2007 ਵਿੱਚ ਉਨ੍ਹਾਂ ਨੂੰ ਥਰਡ-ਟੀਮ ਅਤੇ 2008 ਵਿੱਚ ਫਰਸਟ-ਟੀਮ ਏਪੀ ਆਲ-ਅਮਰੀਕਾ ਸਨਮਾਨ ਮਿਲਿਆ ਸੀ।

ਪਾਹੋਕੀ ਵਿੱਚ ਆਪਣੇ ਹਾਈ ਸਕੂਲ ਦੌਰਾਨ ਸਮਿਥ ਕੁਆਰਟਰਬੈਕ ਅਤੇ ਡਿਫੈਂਸਿਵ ਬੈਕ ਦੀ ਭੂਮਿਕਾ ਨਿਭਾਉਂਦੇ ਸਨ। 2003 ਵਿੱਚ ਉਨ੍ਹਾਂ ਨੇ ਆਪਣੀ ਟੀਮ ਨੂੰ ਫਲੋਰਿਡਾ ਸਟੇਟ ਚੈਂਪੀਅਨਸ਼ਿਪ ਜਿਤਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਖੇਡ ਕਰੀਅਰ ਤੋਂ ਬਾਅਦ ਵੀ ਸਮਿਥ ਦਾ ਫੁੱਟਬਾਲ ਨਾਲ ਨਾਤਾ ਬਣਿਆ ਰਿਹਾ। ਉਨ੍ਹਾਂ ਨੇ ਕੋਚਿੰਗ ਦੇ ਖੇਤਰ ਵਿੱਚ ਕੰਮ ਕਰਨ ਦੇ ਨਾਲ-ਨਾਲ ਖੇਡ ਪ੍ਰਸਾਰਣ ਨਾਲ ਵੀ ਜੁੜੇ ਰਹੇ। ਇਸ ਤੋਂ ਇਲਾਵਾ ਉਹ ਹਾਈ ਸਕੂਲ ਫੁੱਟਬਾਲ ਕੋਚ ਅਤੇ ਡੀਨ ਆਫ਼ ਸਟੂਡੈਂਟਸ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ।

ਸਮਿਥ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਵੇਕ ਫੌਰੈਸਟ ਨਾਲ ਜੁੜੇ ਖੇਡ ਭਾਈਚਾਰੇ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।