You are currently viewing ਭਾਰੀ ਮੀਂਹ ਨਾਲ ਲੁਧਿਆਣਾ ‘ਚ ਸੜਕ ਧਸੀ, ਰਿਸ਼ੀ ਨਗਰ ‘ਚ ਬਣਿਆ ਕਰੀਬ 20 ਫੁੱਟ ਡੂੰਘਾ ਖੱਡਾ

ਭਾਰੀ ਮੀਂਹ ਨਾਲ ਲੁਧਿਆਣਾ ‘ਚ ਸੜਕ ਧਸੀ, ਰਿਸ਼ੀ ਨਗਰ ‘ਚ ਬਣਿਆ ਕਰੀਬ 20 ਫੁੱਟ ਡੂੰਘਾ ਖੱਡਾ

ਲੁਧਿਆਣਾ: ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਸੜਕ ਦਾ ਕਰੀਬ 30 ਫੁੱਟ ਹਿੱਸਾ ਧੱਸ ਗਿਆ, ਜਿਸ ਨਾਲ ਲਗਭਗ 20 ਫੁੱਟ ਡੂੰਘਾ ਖੱਡਾ ਬਣ ਗਿਆ। ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਘੇਰ ਕੇ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ।

ਸੜਕ ਧੱਸਣ ਦੀ ਘਟਨਾ ਕਾਰਨ ਨੇੜਲੇ ਮਕਾਨਾਂ ਅਤੇ ਹੋਰ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਸਥਾਨਕ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਅਤੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

ਇਸੇ ਦੌਰਾਨ ਪਟਿਆਲਾ ਦੇ ਮਾਡਲ ਟਾਊਨ ਇਲਾਕੇ ਵਿੱਚ ਮੀਂਹ ਦਾ ਪਾਣੀ ਇੱਕ ਇਲੈਕਟ੍ਰਾਨਿਕਸ ਸ਼ੋਅਰੂਮ ਦੇ ਬੇਸਮੈਂਟ ਵਿੱਚ ਭਰ ਜਾਣ ਕਾਰਨ ਕੰਧ ਡਿੱਗ ਗਈ। ਘਟਨਾ ਵੇਲੇ ਸ਼ੋਅਰੂਮ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਮੌਸਮ ਵਿਭਾਗ ਨੇ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ-ਚਮਕ ਅਤੇ ਕੁਝ ਥਾਵਾਂ ‘ਤੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।