You are currently viewing ਅੰਮ੍ਰਿਤਸਰ ਵਿੱਚ ਜਾਇਦਾਦੀ ਵਿਵਾਦ ਦੌਰਾਨ ਭੈਣ ‘ਤੇ ਹਮਲੇ ਦਾ ਦੋਸ਼, ਮਹਿਲਾ ਗੰਭੀਰ ਜ਼ਖ਼ਮੀ

ਅੰਮ੍ਰਿਤਸਰ ਵਿੱਚ ਜਾਇਦਾਦੀ ਵਿਵਾਦ ਦੌਰਾਨ ਭੈਣ ‘ਤੇ ਹਮਲੇ ਦਾ ਦੋਸ਼, ਮਹਿਲਾ ਗੰਭੀਰ ਜ਼ਖ਼ਮੀ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਨਿਊ ਮਾਡਲ ਟਾਊਨ ਦੇ ਖੰਡਵਾਲਾ ਇਲਾਕੇ ਵਿੱਚ ਇੱਕ ਮਹਿਲਾ ‘ਤੇ ਕਥਿਤ ਤੌਰ ‘ਤੇ ਉਸ ਦੇ ਸਕੇ ਭਰਾ ਵੱਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਿੱਚ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਅਨੁਸਾਰ, ਜਾਇਦਾਦ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਮਹਿਲਾ ਘਰ ਤੋਂ ਬਾਹਰ ਨਿਕਲੀ, ਉਸ ਦੇ ਭਰਾ ਨੇ ਕਥਿਤ ਤੌਰ ‘ਤੇ ਲੋਹੇ ਦੀ ਰਾਡ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਦੀਆਂ ਤਸਵੀਰਾਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਰਿਕਾਰਡ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਹਮਲੇ ਵਿੱਚ ਮਹਿਲਾ ਦੇ ਹੱਥਾਂ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਡਾਕਟਰਾਂ ਅਨੁਸਾਰ ਉਸ ਦੀ ਇੱਕ ਲੱਤ ਦੋ ਥਾਵਾਂ ਤੋਂ ਫਰੈਕਚਰ ਹੋਈ ਹੈ ਅਤੇ ਉਸ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਜਾਇਦਾਦੀ ਵਿਵਾਦ ਸਾਹਮਣੇ ਆਇਆ ਹੈ। ਫਿਲਹਾਲ ਪੀੜਤਾ ਦੀ ਹਾਲਤ ਅਜਿਹੀ ਨਹੀਂ ਹੈ ਕਿ ਉਹ ਆਪਣਾ ਬਿਆਨ ਦਰਜ ਕਰਵਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੇ ਬਿਆਨ ਅਤੇ ਜਾਂਚ ਦੌਰਾਨ ਮਿਲਣ ਵਾਲੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।