You are currently viewing ਪੰਜਾਬ ਦੇ 4 ਲੱਖ ਮੁਲਾਜ਼ਮਾਂ ਨੇ ਠੁਕਰਾਇਆ 3% ਡੀਏ ਵਾਧਾ, 13 ਨਵੰਬਰ ਤੋਂ ਸਰਕਾਰ ਖ਼ਿਲਾਫ਼ ਮਹੀਨਾ ਭਰ ਸੰਘਰਸ਼

ਪੰਜਾਬ ਦੇ 4 ਲੱਖ ਮੁਲਾਜ਼ਮਾਂ ਨੇ ਠੁਕਰਾਇਆ 3% ਡੀਏ ਵਾਧਾ, 13 ਨਵੰਬਰ ਤੋਂ ਸਰਕਾਰ ਖ਼ਿਲਾਫ਼ ਮਹੀਨਾ ਭਰ ਸੰਘਰਸ਼

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਐਲਾਨੇ ਗਏ 3 ਫੀਸਦੀ ਮਹਿੰਗਾਈ ਭੱਤੇ (ਡੀਏ) ਦੇ ਵਾਧੇ ਨੂੰ ਮੁਲਾਜ਼ਮ ਜਥੇਬੰਦੀਆਂ ਨੇ ਨਾਕਾਫ਼ੀ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਯੂਨੀਅਨਾਂ ਨੇ 13 ਨਵੰਬਰ ਤੋਂ ਇੱਕ ਮਹੀਨੇ ਤੱਕ ਸੂਬੇ ਭਰ ਵਿੱਚ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ।

ਸਾਂਝੀ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਸੁਖਚੈਨ ਖਹਿਰਾ ਅਤੇ ਗੁਰਨਾਮ ਸਿੰਘ ਵਿਰਕ ਅਨੁਸਾਰ ਇਸ ਅੰਦੋਲਨ ਵਿੱਚ ਪੰਜਾਬ ਸਰਕਾਰ ਦੇ ਕਰੀਬ 4 ਲੱਖ ਮੁਲਾਜ਼ਮ ਅਤੇ 3.50 ਲੱਖ ਪੈਨਸ਼ਨਰ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਡੀਏ ਵਿੱਚ ਵਾਧਾ ਕਰਨਾ ਮੁਲਾਜ਼ਮਾਂ ਦੀਆਂ ਸਮੁੱਚੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ।

ਸੰਗਰੂਰ ਤੋਂ ਸ਼ੁਰੂ ਹੋਵੇਗਾ ਸੰਘਰਸ਼

ਐਲਾਨੇ ਪ੍ਰੋਗਰਾਮ ਅਨੁਸਾਰ 13 ਤੋਂ 19 ਨਵੰਬਰ ਤੱਕ ਸੰਗਰੂਰ ਵਿੱਚ ਪੱਕਾ ਧਰਨਾ ਲਾਇਆ ਜਾਵੇਗਾ। ਇਸ ਤੋਂ ਬਾਅਦ 1 ਤੋਂ 5 ਦਸੰਬਰ ਤੱਕ ਆਮ ਆਦਮੀ ਪਾਰਟੀ ਦੇ ਸਾਰੇ 91 ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਪੁਤਲੇ ਫੂਕੇ ਜਾਣਗੇ।

ਜਥੇਬੰਦੀਆਂ ਨੇ 6 ਦਸੰਬਰ ਨੂੰ ਪੁਤਲਿਆਂ ਦੀ ਸੁਆਹ ਬੁੱਢੇ ਨਾਲੇ ਵਿੱਚ ਜਲ-ਪ੍ਰਵਾਹ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਹੈ।

13 ਦਸੰਬਰ ਨੂੰ ਬਣੇਗੀ ਮਨੁੱਖੀ ਲੜੀ

ਮੁਲਾਜ਼ਮ ਜਥੇਬੰਦੀਆਂ ਨੇ ਆਪਣੇ ਮਹੀਨਾ ਭਰ ਚੱਲਣ ਵਾਲੇ ਸੰਘਰਸ਼ ਦੀ ਸਮਾਪਤੀ 13 ਦਸੰਬਰ ਨੂੰ ਸ਼ੰਭੂ ਤੋਂ ਅੰਮ੍ਰਿਤਸਰ ਤੱਕ ਮਨੁੱਖੀ ਲੜੀ ਬਣਾ ਕੇ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਹੋਰ ਲੰਬਿਤ ਮੁਲਾਜ਼ਮ ਮੰਗਾਂ ਸ਼ਾਮਲ ਹਨ।

ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਢੁੱਕਵਾਂ ਹੱਲ ਨਹੀਂ ਕਰਦੀ, ਸੰਘਰਸ਼ ਜਾਰੀ ਰਹੇਗਾ।