You are currently viewing ਦੀਵਾਲੀ ਦੀਆਂ ਖੁਸ਼ੀਆਂ ਨੂੰ ਕਿਵੇਂ ਮਨਾਈਏ

ਦੀਵਾਲੀ ਦੀਆਂ ਖੁਸ਼ੀਆਂ ਨੂੰ ਕਿਵੇਂ ਮਨਾਈਏ

ਦੀਵਿਆਂ ਦੀ ਰੋਸ਼ਨੀ ਦਾ ਤਿਉਹਾਰ ਭਾਰਤ ਵਿੱਚ ਹਿੰਦੂਆਂ ਅਤੇ ਸਿੱਖਾਂ ਵਲੋਂ ਸਾਂਝੇ ਤੌਰ ਤੇ ਹਰੇਕ ਸਾਲ ਮਨਾਇਆ ਜਾਂਦਾ ਹੈ ।ਪੁਰਾਤਨ ਪਰੰਪਰਾ ਅਨੁਸਾਰ ਇਸ ਖੁਸ਼ੀ ਦੇ ਦਿਹਾੜੇ ਸ਼ੁਰੂ ਵਿੱਚ ਘਿਉ ਦੇ ਦੀਵੇ ਬਾਲ ਕੇ ਆਪਣੇ ਘਰਾਂ ਉੱਪਰ ਰੋਸ਼ਨੀ ਕਰਕੇ ਖੁਸ਼ੀ ਦਾ ਇਜਹਾਰ ਕੀਤਾ ਜਾਂਦਾ ਸੀ । ਹੋਲੀ ਹੋਲੀ ਮੋਮਬਤੀਆਂ , ਬਿਜਲੀ ਬਲਬ ਆਦਿ ਨਾਲ ਘਰਾਂ ਨੂੰ , ਧਾਰਮਿਕ ਅਸਥਾਨਾਂ ਆਦਿ ਨੂੰ ਰੁਸ਼ਨਾਇਆ ਜਾਣ ਲੱਗਾ । ਪਿਛਲੇ ਸਮੇਂ ਤੋਂ ਇਸ ਦੇ ਨਾਲ ਪਟਾਕੇ ਆਦਿ ਚਲਾਉਣ ਦਾ ਰੁਝਾਣ ਵੱਧ ਰਿਹਾ ਹੈ ਜਿਨ੍ਹਾਂ ਦਾ ਪੌਟਾਸ਼ ਹਵਾ ਪੁਲੀਤ ਕਰਦਾ ਹੈ ਜਿਸ ਨਾਲ ਸਾਹ ਲੈਣਾ ਔਖਾ ਹੁੰਦਾ ਹੈ । ਬਹੁਤ ਸਾਰੇ ਲੋਕ ਸਾਹ ਦੀਆਂ ਬਿਮਾਰੀਆਂ ਨਾਲ ਪੀੜ੍ਹਤ ਹੋਣ ਕਰਕੇ ਹੋਰ ਵੀ ਔਖ ਮਹਿਸੂਸ ਕਰਨ ਲੱਗਦੇ ਹਨ । ਆਮ ਲੋਕਾਂ ਨੂੰ ਵੀ ਕਈ ਬਿਮਾਰੀਆਂ ਡਾਕਟਰਾਂ ਕੋਲ ਪਹੁੰਚਾ ਦਿੰਦੀਆਂ ਹਨ ।ਮਰੀਜ਼ਾਂ ਦੀ ਗਿਣਤੀ ਇਨ੍ਹਾਂ ਦਿਨਾਂ ‘ਚ ਵੱਧ ਜਾਂਦੀ ਹੈ । ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਨ ਦੀ ਸਮੱਸਿਆ ਕਾਰਨ ਘਰੋਂ ਬਾਹਰ ਨਿਕਲਣਾ ਔਖਾ ਹੁੰਦਾ ਹੈ ।ਕੁਝ ਇਨ੍ਹਾਂ ਦਿਨਾਂ ਵਿੱਚ ਪਰਾਲੀ ਸਾੜਨ ਕਰਕੇ ਹਵਾ ਪੁਲੀਤ ਹੋਣ ‘ਚ ਵਾਧਾ ਹੋ ਜਾਂਦਾ ਹੈ।

ਇਸ ਦਿਨ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਫੂਕ ਕੇ ਪੈਸੇ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਪਰ ਲੋਕਾਂ ਦੀ ਸਿਹਤ ਉੱਪਰ ਮਾੜੇ ਪ੍ਰਭਾਵ ਵੀ ਪੈਂਦੇ ਜਿਸ ਲਈ ਆਪਾਂ ਸਾਰੇ ਹੀ ਜ਼ਿੰਮੇਵਾਰ ਹਾਂ ।ਨਵ- ਜੰਮੇ ਬੱਚਿਆਂ ਲਈ ਇਹ ਪ੍ਰਦੂਸ਼ਨ ਹੋਰ ਵੀ ਖਤਰਨਾਕ ਸਿੱਧ ਹੁੰਦਾ ਹੈ । ਅੱਜ ਕਲ੍ਹ ਬਾਜ਼ਾਰਾਂ ਵਿੱਚ ਵੱਡੇ-ਵੱਡੇ ਪਟਾਕੇ , ਅਨਾਰ , ਰੋਸ਼ਨੀਆਂ ਆਦਿ ਮਿਲਦੇ ਹਨ ਜੋ ਬੱਚਿਆਂ ਦੇ ਹੱਥਾਂ ‘ਚ ਦੇਣੇ ਖਤਰੇ ਤੋਂ ਬਾਹਰ ਨਹੀਂ ।ਕਈ ਵਾਰੀ ਛੋਟੇ ਬੱਚੇ ਚੋਰੀ ਛਿਪੇ ਇਹ ਘਾਤਕ ਆਤਸ਼ਬਾਜ਼ੀ ਖਰੀਦ ਲੈਂਦੇ ਹਨ ਜਾਂ ਘਰੋਂ ਖਰੀਦ ਕੀਤੇ ਇਸ ਸਮਾਨ ‘ਚੋਂ ਮਾਪਿਆਂ ਤੋੰ ਅੱਖ ਬਚਾ ਕੇ ਚੁੱਕ ਲੈਂਦੇ ਹਨ । ਇਸ ਤਰ੍ਹਾਂ ਉਹ ਜਦੋਂ ਇਨ੍ਹਾਂ ਨੂੰ ਚਲਾਉਂਦੇ ਹਨ ਤਾਂ ਕਈ ਹਾਦਸੇ ਵਾਪਰ ਜਾਂਦੇ ਹਨ । ਕਈ ਹੱਥ ਸਾੜ ਲੈਂਦੇ ਹਨ , ਇਥੋਂ ਤੱਕ ਕਈ ਅੱਖਾਂ ਦੀ ਜੋਤ ਤੋਂ ਵਿਹੂਣੇ ਵੀ ਹੋ ਜਾਂਦੇ ਹਨ ।ਕਈਆਂ ਦੇ ਕੰਨਾਂ ਦੇ ਪਰਦੇ ਉੱਚੀ ਆਵਾਜ਼ ਕਾਰਨ ਖਰਾਬ ਹੋ ਜਾਂਦੇ ਹਨ । ਸਾਰੀ ਉਮਰ ਜਿਸ ਦਾ ਪਛਤਾਵਾ ਰਹਿੰਦਾ ਹੈ । ਇਸ ਤਰ੍ਹਾਂ ਇਹ ਖੁਸ਼ੀ ਦਾ ਦਿਨ ਉਨ੍ਹਾਂ ਲਈ ਸਰਾਪ ਬਣ ਜਾਂਦਾ ਹੈ । ਸੋ ਮਾਪਿਆਂ ਨੂੰ ਇਨ੍ਹਾਂ ਦਿਨਾਂ ਵਿੱਚ ਆਪਣੇ ਬੱਚਿਆਂ ਨੂੰ ਸੁਚੇਤ ਤਾਂ ਕਰਨਾ ਹੀ ਚਾਹੀਦਾ ਹੈ ਸਗੋਂ ਉਨ੍ਹਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ।ਕਈ ਵਾਰੀ ਤਾਂ ਵੱਡੇ ਵੀ ਇਸ ਆਤਿਸ਼ਬਾਜ਼ੀ ਦੇ ਸ਼ਿਕਾਰ ਹੋ ਜਾਂਦੇ ਹਨ ਕਿਉਂ ਕਿ ਕਿਸੇ ਵੀ ਪਟਾਕੇ , ਅਨਾਰ , ਚੱਕਰੀ ਆਦਿ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਉਹ ਸਹੀ ਚਲੇਗਾ , ਅਚਾਨਕ ਇਹ ਧਮਾਕਾ ਕਰ ਸਕਦੀ ਹੈ ।

ਸਰਕਾਰ ਨੇ ਭਾਵੇਂ ਆਬਾਦੀ ਵਾਲੀਆਂ ਥਾਵਾਂ ਉੱਪਰ ਆਤਿਸ਼ਬਾਜ਼ੀ ਸਟੋਰ ਕਰਨ , ਵੇਚਣ ਅਤੇ ਚਲਾਉਣ ਉੱਪਰ ਰੋਕ ਲਗਾਈ ਜਾਂਦੀ ਹੈ ਪਰ ਇਹ ਕਾਰਗਰ ਢੰਗ ਨਾਲ ਲਾਗੂ ਨਹੀਂ ਹੁੰਦੀ ਫਿਰ ਵੀ ਹਰੇਕ ਸਾਲ ਸਟੋਰਾਂ ‘ਚ ਧਮਾਕੇ , ਬਾਜ਼ਾਰਾਂ ‘ਚ ਅਗਜ਼ਨੀ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ । ਹਰ ਸਾਲ ਹਸਪਤਾਲਾਂ ‘ਚ ਐਮਰਜੈਂਸੀ ਵਿੱਚ ਦੀਵਾਲੀ ਵਾਲੀ ਰਾਤ ਬਹੁਤ ਸਾਰੇ ਪਟਾਕਿਆਂ ਨਾਲ ਹਾਦਸਾ ਗ੍ਰਸ਼ਤ ਹੋਏ ਬੱਚੇ ਅਤੇ ਵੱਡੇ ਵੀ ਆਉਂਦੇ ਦਿਖਾਈ ਦਿੰਦੇ ਹਨ ।ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਕੁਝ ਘੰਟਿਆਂ ਵਿੱਚ ਨਸ਼ਟ ਕਰ ਦਿੱਤੀ ਜਾਂਦੀ ਹੈ । ਗਰੀਬ ਲੋਕਾਂ ਲਈ ਇਹੋ ਜਿਹੀਆਂ ਖੁਸ਼ੀਆਂ ਕੋਈ ਮਾਇਨੇ ਨਹੀਂ ਰੱਖਦੀਆਂ ।ਪਰ ਅੰਨਪੜ੍ਹਤਾ ਕਾਰਨ ਉਹ ਵੀ ਹੋਰਾਂ ਦੀ ਰੀਸ ਨਾਲ ਕਈ ਦਿਨ ਦੀ ਮਿਹਨਤ ਦੀ ਕਮਾਈ ਨੂੰ ਐਵੇਂ ਖਰਾਬ ਕਰ ਦਿੰਦੇ ਹਨ । ਅਗਰ ਕੋਈ ਇਸ ਦਿਨ ਐਨੇ ਪੈਸਿਆਂ ਨਾਲ ਕੋਈ ਨਵੀਂ ਚੀਜ਼ ਲੋੜ ਮੁਤਾਬਕ ਖਰੀਦੀ ਜਾਵੇ ਵਧੀਆ ਗੱਲ ਹੋਵੇਗੀ , ਬਹੁਤ ਸਾਰੇ ਲੋਕ ਇਹ ਕੰਮ ਕਰਦੇ ਹਨ ।ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਸਬੰਧੀ ਗਿਆਨ ਪੂਰਵਕ ਚੀਜ਼ਾਂ ਇਸ ਸ਼ੁਭ ਮੌਕੇ ਖਰੀਦ ਕੇ ਉਨ੍ਹਾਂ ਦੀਆਂ ਖੁਸ਼ੀਆਂ ‘ਚ ਵਾਧਾ ਕਰੋ ।ਸਕੂਲਾਂ ਦੇ ਬਹੁਤ ਸਾਰੇ ਬੱਚੇ ਪਿੰਡਾਂ , ਸ਼ਹਿਰਾਂ ਆਦਿ ਵਿੱਚ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ ਰੈਲੀਆਂ ਵੀ ਕੱਢਦੇ ਹਨ ਜੋ ਸਕੂਲਾਂ ਦੇ ਪ੍ਰਬੰਧਕਾਂ ਦਾ ਵਧੀਆ ਉਪਰਾਲਾ ਹੈ । ਇਸ ਤਰ੍ਹਾਂ ਭਵਿੱਖ ਵਿੱਚ ਜਰੂਰ ਇਸ ਦਾ ਅਸਰ ਦਿਖਾਈ ਦੇਵੇਗਾ । ਸੋ ਸਾਨੂੰ ਸਾਰਿਆਂ ਨੂੰ ਇਸ ਪ੍ਰਪੰਰਾ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ ।

ਜੇ ਖਾਣ ਪੀਣ ਦੀਆਂ ਵਸ਼ਤਾਂ ਦੀ ਗੱਲ ਕਰੀਏ ਇਨ੍ਹਾਂ ਦਿਨਾਂ ਵਿੱਚ ਤਾਜ਼ੀ ਮਠਿਆਈ ਮਿਲਣੀ ਸੌਖੀ ਨਹੀਂ ਹੁੰਦੀ ਕਿਉਂ ਕਿ ਲੋਕਾਂ ਮੰਗ ਅਨੁਸਾਰ ਇੱਕ ਦਿਨ ਵਿੱਚ ਵੱਡੀ ਮਿਕਦਾਰ ‘ਚ ਮਠਿਆਈ ਤਿਆਰ ਕਰਨਾ ਅਸੰਭਵ ਹੈ । ਸਾਨੂੰ ਮਿਲਾਵਟੀ ਅਤੇ ਬੇਹੀ ਮਠਿਆਈ ਹੀ ਮਿਲੇਗੀ ਜੋ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ । ਜੇ ਹੋ ਸਕੇ ਤਾਂ ਘਰ ਹੀ ਮਿੱਠੇ ਨਮਕੀਨ ਪਕਵਾਨ ਤਿਆਰ ਕਰ ਲੈਣੇ ਚਾਹੀਦੇ ਹਨ ਜੋ ਕਿ ਪਹਿਲਾਂ ਸਾਡੇ ਘਰਾਂ ‘ਚ ਬਣਦੇ ਹੁੰਦੇ ਸੀ । ਘਰ ਦਾ ਖੋਆ , ਲੱਡੂ ,ਮੱਠੀਆਂ ਆਦਿ ਦੀ ਕੀ ਰੀਸ ਸੀ , ਕਿੰਨੇ ਕਿੰਨੇ ਦਿਨ ਖਰਾਬ ਨਹੀਂ ਹੁੰਦੇ ਸਨ ।ਪਰ ਹੁਣ ਆਪਣੇ ਰਿਸ਼ਤੇਦਾਰਾਂ , ਦੋਸਤਾਂ ਮਿੱਤਰਾਂ ਆਦਿ ਨੂੰ ਮਠਿਆਈ ਦੇ ਡੱਬੇ ਦੇਣ ਦਾ ਰੁਝਾਣ ਵਧ ਗਿਆ ਹੈ ਜੋ ਕਿ ਖਾਧਾ ਘੱਟ ਪਰ ਬਰਬਾਦ ਜ਼ਿਆਦਾ ਹੁੰਦਾ ਹੈ ।ਇਸ ਨਾਲੋਂ ਡਰਾਈ ਫਰੂਟ ਦੇਣਾ ਚੰਗਾ ਹੈ ਪਰ ਇਸ ਨੂੰ ਵੀ ਧਿਆਨ ਨਾਲ ਖਰੀਦੋ ,ਇਹੋ ਜਿਹੇ ਸਮੇਂ ਗਿਫਟਾਂ ‘ਚ ਆਪਾਂ ਪੈਕ ਕਰਵਾ ਲੈਂਦੇ ਹਾਂ ਕਈ ਵਾਰੀ ਪੁਰਾਣਾ ਮਾਲ ਹੀ ਪੈਕ ਦੁਕਾਨਦਾਰ ਕਰ ਦਿੰਦੇ ਹਨ । ਮੈਂ ਇਸ ਵਾਰੀ ਇੱਕ ਵੱਡੀ ਦੁਕਾਨ ਤੋਂ ਅਖਰੋਟ ਤਾਜ਼ੇ ਕਰਕੇ ਲੈ ਲਏ ਜਦੋਂ ਕਈ ਦਿਨਾਂ ਬਾਅਦ ਅਖਰੋਟ ਤੋੜਿਆ ਤਾਂ ਵਿੱਚੋਂ ਗੁੱਦਾ ਕੱਢਿਆ ਤਾਂ ਉੱਪਰੋਂ ਤਾ ਸਾਫ ਦਿੱਖੇ ਪਰ ਜਦੋਂ ਦੋ ਟੋਟੇ ਕੀਤੇ ਤਾਂ ਵਿੱਚੋਂ ਸੁੰਡੀ (ਕੀੜਾ) ਨਿਕਲਿਆ । ਮੈਂ ਸੋਚਿਆ ਸ਼ਾਇਦ ਹੋਰ ਅਖਰੋਟ ਠੀਕ ਹੋਣਗੇ ਪਰ ਅਗਲੇ ਦਾ ਵੀ ਉਹੀ ਹਾਲ । ਮੈਂ ਉਪਭੋਗਤਾ ਦੇ ਹੱਕਾਂ ਤੋਂ ਜਾਗਰੂਕ ਹਾਂ ਸੋ ਮੈਂ ਦੁਕਾਨਦਾਰ ਨੂੰ ਗੱਲ ਦੱਸੀ ਪਹਿਲਾਂ ਤਾਂ ਉਹ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਕਿ ਅਸੀਂ ਤਾਂ ਕਿੰਨੇ ਵੇਚਦੇ ਕੋਈ ਸਿਕਾਇਤ ਨਹੀਂ ਆਈ । ਮੇਰੇ ਸਾਹਮਣੇ ਉਸ ਨੇ ਪਹਿਲਾ ਅਖਰੋਟ ਤੋੜਿਆ ਉਸ ਦੀ ਗੱਦ ਚੁੱਕ ਕੇ ਕਾਹਲੀ ਨਾਲ ਬਾਰੀਕ ਜਿਹੀ ਸੁੰਡੀ ਨੂੰ ਹੱਥ ਨਾਲ ਹੇਠਾਂ ਨੂੰ ਸੁੱਟ ਦਿੱਤਾ ਤੇ ਸਹੀ ਦੱਸੇ । ਇੱਕ ਮੈਂ ਉਸ ਸਾਹਮਣੇ ਤੋੜਿਆ ਤਾਂ ਵਿੱਚ ਸਪਸ਼ਟ ਸੁੰਡੀ ਉੱਪਰ ਹੀ ਸੀ ਹੁਣ ਮੋਬਾਇਲ ਨਾਲ ਬੇਸ਼ਰਮੀ ਨਾਲ ਫੋਟੋ ਖਿੱਚਣ ਲੱਗ ਪਿਆ ਡੀਲਰ ਨੂੰ ਦਿਖਾਉਣ ਲਈ । ਚੁੱਪ ਕਰਕੇ ਵਾਪਿਸ ਤਾਂ ਕਰ ਲਏ ਪਰ ਵਜ਼ਨ ਕਰਕੇ ਜੋ ਘਰ ਤੋੜੇ ਸੀ ਉਨਾਂ ਦਾ ਵਜ਼ਨ ਕੱਟ ਦਿੱਤਾ ਅਤੇ ਹੋਰ ਵਧੀਆ ਕਿਸਮ ਦੇ ਦੱਸ ਕੇ ਵਾਧੂ ਪੈਸੇ ਵੀ ਚਾਰਜ ਕਰ ਲਏ ।ਇਹ ਬਦਾਮ , ਕਾਜੂਆਂ ‘ਚ ਹੁੰਦਾ ਹੈ ਸੋ ਸਾਨੂੰ ਪਹਿਲਾਂ ਚੰਗੀ ਤਰ੍ਹਾਂ ਪਰਖ ਕਰ ਲੈ ਲੈਣੀ ਚਾਹੀਦੀ ਹੈ । ਇਹੋ ਜਿਹੇ ਗਿਫਟ ਦਿੱਤੇ ਕਿਸੇ ਦੇ ਵੀ ਕੰਮ ਦੇ ਨਹੀਂ ਹੁੰਦੇ ।ਸੋ ਬੱਚਿਆਂ ਨੂੰ ਮਾਪਿਆਂ ਵਲੋਂ ਸ਼ੁਰੂ ਤੋਂ ਉਨ੍ਹਾਂ ਦੇ ਮਨਾਂ ਵਿੱਚ ਖਾਣ ਪ੍ਰਤੀ ਜਾਗਰੂਕ ਕਰਕੇ ਬਾਹਰਲੀਆਂ ਖਾਣ ਪੀਣ ਦੀਆਂ ਵਸਤਾਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕਰਨਾ ਚਾਹੀਦਾ ਹੈ । ਸਿਹਤ ਵਿਭਾਗ ਵਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਈ ਵਾਰੀ ਸਿਹਤ ਵਿਭਾਗ ਵਲੋਂ ਮਠਿਆਈ ਦੀਆਂ ਆਈਟਮਾਂ ਦੇ ਬਣਾਉਣ ਅਤੇ ਵਰਤੋਂ ਦੀ ਮਿਤੀ ਦਰਸਾਉਣ ਨੂੰ ਕਿਹਾ ਗਿਆ ਹੈ ਪਰ ਲਾਗੂ ਹੁੰਦਾ ਕਿਤੇ ਨਜ਼ਰ ਨਹੀਂ ਆਉਂਦਾ ।ਇਹ ਲਾਗੂ ਕਿਉਂ ਨਹੀਂ ਹੋ ਰਿਹਾ । ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਜੋ ਪੜਤਾਲ ਦਾ ਵਿਸ਼ਾ ਹੈ । ਸੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਰੋਕਣ ਲਈ ਸਖਤ ਕਦਮ ਸਰਕਾਰ ਨੂੰ ਚੁੱਕਣੇ ਚਾਹੀਦੇ ਹਨ ।

ਮੇਜਰ ਸਿੰਘ ਨਾਭਾ ..ਮੋਬ:7009674242