ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਵਿੱਚ ਨਵੇਂ ਅਧਿਕਾਰੀ ਤਾਇਨਾਤ; ਤਿੰਨ ਐੱਸਪੀ ਪੱਧਰ ਦੇ ਅਧਿਕਾਰੀ ਵੀ ਆਰਜ਼ੀ ਤੌਰ ’ਤੇ ਮਾਨਸਾ ਲਾਏ
ਮਾਨਸਾ, 29 ਅਕਤੂਬਰ। ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦਰਮਿਆਨ ਪੰਜਾਬ ਸਰਕਾਰ ਨੇ ਮਾਨਸਾ ਜ਼ਿਲ੍ਹੇ ਦੀਆਂ ਤਿੰਨੇ ਸਬ-ਡਿਵੀਜ਼ਨਾਂ ਦੇ ਡੀਐੱਸਪੀ ਤਬਦੀਲ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਾ ਵਾਧੂ ਚਾਰਜ ਡੀਐੱਸਪੀ (ਡੀ) ਪੁਸ਼ਪਿੰਦਰ ਸਿੰਘ ਗਿੱਲ ਨੂੰ ਸੌਂਪਿਆ ਗਿਆ ਸੀ।
ਵਿਸ਼ੇਸ਼ ਡੀਜੀਪੀ (ਐੱਚ) ਵੱਲੋਂ ਜਾਰੀ ਹੁਕਮਾਂ ਅਨੁਸਾਰ, ਫ਼ਤਹਿਗੜ੍ਹ ਸਾਹਿਬ ਵਿਖੇ ਡੀਐੱਸਪੀ ਕਮਾਂਡ ਸੈਂਟਰ ਵਜੋਂ ਤਾਇਨਾਤ ਗੁਰਪ੍ਰਤਾਪ ਸਿੰਘ ਨੂੰ ਮਾਨਸਾ ਦਾ ਨਵਾਂ ਡੀਐੱਸਪੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਦੇ ਡੀਐੱਸਪੀ ਹਰਵਿੰਦਰ ਸਿੰਘ ਸਰਾਂ ਨੂੰ ਸਰਦੂਲਗੜ੍ਹ ਅਤੇ ਬਠਿੰਡਾ ਦੀ ਵਿਸ਼ੇਸ਼ ਸ਼ਾਖਾ ਦੇ ਡੀਐੱਸਪੀ ਸਰਬਜੀਤ ਸਿੰਘ ਬਰਾੜ ਨੂੰ ਬੁਢਲਾਡਾ ਵਿਖੇ ਤਾਇਨਾਤ ਕੀਤਾ ਗਿਆ ਹੈ।
ਪਰਵਿੰਦਰ ਝੋਟਾ ਮਾਮਲੇ ਨੂੰ ਲੈ ਕੇ ਜਾਰੀ ਤਣਾਅ ਦਰਮਿਆਨ ਪੁਲਿਸ ਅਧਿਕਾਰੀਆਂ ਦੇ ਇਹ ਤਬਾਦਲੇ ਅਹਿਮ ਮੰਨੇ ਜਾ ਰਹੇ ਹਨ। ਇਸ ਤੋਂ ਇਲਾਵਾ ਤਿੰਨ ਐੱਸਪੀ ਪੱਧਰ ਦੇ ਅਧਿਕਾਰੀਆਂ ਨੂੰ ਵੀ ਆਰਜ਼ੀ ਤੌਰ ’ਤੇ ਮਾਨਸਾ ਵਿੱਚ ਤਾਇਨਾਤ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।