ਹਿਊਸਟਨ ਦੀ ਕਲਾਕਾਰ ਸੰਗੀਤਾ ਭੁਟਾੜਾ ਦੀ ਕਲਾਕਾਰੀ ਨੂੰ ਮਿਲੀ ਥਾਂ; ਰੰਗੋਲੀ ਤਿਆਰ ਕਰਨ ਵਿੱਚ ਲੱਗੇ ਲਗਪਗ 10 ਦਿਨ
ਵਾਸ਼ਿੰਗਟਨ, 22 ਅਕਤੂਬਰ: ਅਮਰੀਕੀ ਡਾਕ ਸੇਵਾ ਨੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਨਵੀਂ ਡਾਕ ਟਿਕਟ ਜਾਰੀ ਕੀਤੀ ਹੈ। ਇਸ ਟਿਕਟ ’ਤੇ ਹਿਊਸਟਨ ਦੀ ਕਲਾਕਾਰ ਸੰਗੀਤਾ ਭੁਟਾੜਾ ਵੱਲੋਂ ਤਿਆਰ ਕੀਤੀ ਰੰਗੋਲੀ ਦੀ ਕਲਾਕਾਰੀ ਦਰਸਾਈ ਗਈ ਹੈ। ਇਸ ਰਾਹੀਂ ਭਾਰਤੀ ਸੱਭਿਆਚਾਰ ਅਤੇ ਰਵਾਇਤੀ ਲੋਕ ਕਲਾ ਨੂੰ ਅਮਰੀਕਾ ਵਿੱਚ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ।
ਇਸ ਡਾਕ ਟਿਕਟ ਤੋਂ ਪਰਦਾ ਹਟਾਉਣ ਲਈ ਬੁੱਧਵਾਰ ਸ਼ਾਮ ਨੂੰ ਭਾਰਤੀ ਦੂਤਾਵਾਸ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ, ਅਮਰੀਕੀ ਡਾਕ ਸੇਵਾ ਦੀ ਸੀਨੀਅਰ ਮੀਤ ਪ੍ਰਧਾਨ ਸ਼ਿਬਾਨੀ ਗੰਭੀਰ ਅਤੇ ਕਲਾਕਾਰ ਸੰਗੀਤਾ ਭੁਟਾੜਾ ਮੌਜੂਦ ਸਨ।
ਅਮਰੀਕੀ ਡਾਕ ਸੇਵਾ ਅਨੁਸਾਰ, ਰੰਗੋਲੀ ਭਾਰਤੀ ਪਰੰਪਰਾ ਨਾਲ ਜੁੜੀ ਇੱਕ ਰਵਾਇਤੀ ਕਲਾ ਹੈ, ਜਿਸ ਵਿੱਚ ਰੰਗਦਾਰ ਚੌਲਾਂ ਦੇ ਪਾਊਡਰ, ਚਾਕ ਅਤੇ ਫੁੱਲਾਂ ਦੀਆਂ ਪੱਤੀਆਂ ਵਰਗੀਆਂ ਸਮੱਗਰੀਆਂ ਦੀ ਵਰਤੋਂ ਕਰਕੇ ਫਰਸ਼ ’ਤੇ ਸੁੰਦਰ ਨਮੂਨੇ ਬਣਾਏ ਜਾਂਦੇ ਹਨ। ਇਸ ਕਲਾ ਨੂੰ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਹ ਖ਼ੁਸ਼ਹਾਲੀ ਤੇ ਚੰਗੀ ਕਿਸਮਤ ਦਾ ਪ੍ਰਤੀਕ ਹੈ।
ਭਾਰਤ ਵਿੱਚ ਜਨਮੀ ਸੰਗੀਤਾ ਭੁਟਾੜਾ ਲੰਮੇ ਸਮੇਂ ਤੋਂ ਹਿਊਸਟਨ ਵਿੱਚ ਰਹਿ ਰਹੀ ਹੈ ਅਤੇ ਪਿਛਲੇ ਲਗਪਗ 30 ਸਾਲਾਂ ਤੋਂ ਰੰਗੋਲੀ ਕਲਾ ਦਾ ਅਭਿਆਸ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀ ਡਾਕ ਸੇਵਾ ਨੇ ਇੱਕ ਸਾਲ ਤੋਂ ਵੱਧ ਸਮਾਂ ਪਹਿਲਾਂ ਉਨ੍ਹਾਂ ਨਾਲ ਇਸ ਪ੍ਰਾਜੈਕਟ ਲਈ ਸੰਪਰਕ ਕੀਤਾ ਸੀ। ਉਨ੍ਹਾਂ ਨੇ ਲਗਪਗ 12 ਨਮੂਨੇ ਭੇਜੇ ਸਨ, ਜਿਨ੍ਹਾਂ ਵਿੱਚੋਂ ਚਾਰ ਦੀ ਚੋਣ ਕੀਤੀ ਗਈ। ਚੁਣੀ ਗਈ ਰੰਗੋਲੀ ਨੂੰ ਅੰਤਿਮ ਰੂਪ ਦੇਣ ਵਿੱਚ ਕਰੀਬ 10 ਦਿਨ ਲੱਗੇ।
ਇਸ ਡਾਕ ਟਿਕਟ ਦਾ ਡਿਜ਼ਾਈਨ ਜੈਨੀਫਰ ਅਰਨੋਲਡ ਨੇ ਤਿਆਰ ਕੀਤਾ, ਜਦਕਿ ਵਿਲੀਅਮ ਜੇ. ਗਿੱਕਰ ਨੇ ਕਲਾ ਨਿਰਦੇਸ਼ਕ ਵਜੋਂ ਕੰਮ ਕੀਤਾ। ਦੀਵਾਲੀ ਨੂੰ ਸਮਰਪਿਤ ਇਸ ਪਹਿਲਕਦਮੀ ਨੂੰ ਭਾਰਤੀ ਵਿਰਾਸਤ ਅਤੇ ਰਵਾਇਤੀ ਕਲਾਵਾਂ ਦੀ ਪਛਾਣ ਨੂੰ ਵਿਸ਼ਾਲ ਪੱਧਰ ’ਤੇ ਪਹੁੰਚਾਉਣ ਵਾਲੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।