You are currently viewing ਕੈਨੇਡਾ ਦੇ ਹਾਈਵੇਅ ’ਤੇ ਭਿਆਨਕ ਟੱਕਰ, 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡਾ ਦੇ ਹਾਈਵੇਅ ’ਤੇ ਭਿਆਨਕ ਟੱਕਰ, 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਗ਼ਲਤ ਦਿਸ਼ਾ ਤੋਂ ਆਏ ਪਿੱਕਅਪ ਟਰੱਕ ਨੇ ਕਾਰ ਨੂੰ ਮਾਰੀ ਟੱਕਰ; ਚਾਰ ਕਾਰ ਸਵਾਰਾਂ ਸਮੇਤ ਪੰਜ ਜਣੇ ਜ਼ਖ਼ਮੀ

ਵੈਨਕੂਵਰ, 22 ਅਕਤੂਬਰ: ਕੈਨੇਡਾ ਵਿੱਚ ਵੈਨਕੂਵਰ ਤੋਂ ਲਗਪਗ 300 ਕਿਲੋਮੀਟਰ ਦੂਰ ਹਾਈਵੇਅ-5 ’ਤੇ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਜਸਕਰਨ ਸਿੰਘ (23) ਦੀ ਮੌਤ ਹੋ ਗਈ। ਉਹ ਸਰੀ ਦਾ ਰਹਿਣ ਵਾਲਾ ਸੀ। ਇਸ ਹਾਦਸੇ ਵਿੱਚ ਚਾਰ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ।

ਇਹ ਹਾਦਸਾ ਮੈਰਿਟ ਨੇੜੇ ਤੜਕਸਾਰ ਵਾਪਰਿਆ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਅਨੁਸਾਰ, ਦੱਖਣ ਵੱਲ ਜਾ ਰਿਹਾ ਇੱਕ ਕਾਲੇ ਰੰਗ ਦਾ ਪਿੱਕਅਪ ਟਰੱਕ ਅਚਾਨਕ ਗ਼ਲਤ ਦਿਸ਼ਾ ਵਿੱਚ ਚਲਾ ਗਿਆ ਅਤੇ ਸਾਹਮਣਿਓਂ ਆ ਰਹੀ ਕਾਰ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ।

ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ। ਟੱਕਰ ਕਾਰਨ ਸਾਰੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਜਸਕਰਨ ਸਿੰਘ ਦੀ ਹਾਲਤ ਗੰਭੀਰ ਸੀ। ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਬਾਕੀ ਜ਼ਖ਼ਮੀਆਂ ਦੀ ਉਮਰ 24 ਤੋਂ 38 ਸਾਲ ਦਰਮਿਆਨ ਦੱਸੀ ਗਈ ਹੈ।

ਪੁਲੀਸ ਨੇ ਦੱਸਿਆ ਕਿ ਪਿੱਕਅਪ ਟਰੱਕ ਦਾ ਚਾਲਕ ਵੀ ਹਾਦਸੇ ਵਿੱਚ ਜ਼ਖ਼ਮੀ ਹੋਇਆ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਪੁੱਛਗਿੱਛ ਕੀਤੀ ਜਾਵੇਗੀ।

ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਟਰੱਕ ਚਾਲਕ ਗ਼ਲਤ ਦਿਸ਼ਾ ਵਿੱਚ ਕਿਵੇਂ ਪਹੁੰਚਿਆ ਅਤੇ ਹਾਦਸੇ ਲਈ ਕਿਹੜੇ ਹਾਲਾਤ ਜ਼ਿੰਮੇਵਾਰ ਸਨ।