You are currently viewing ਕੈਨੇਡਾ ਸਰਹੱਦ ’ਤੇ ਟਰੱਕ ’ਚੋਂ 52 ਕਿੱਲੋ ਨਸ਼ੀਲੇ ਪਦਾਰਥ ਬਰਾਮਦ, ਪੰਜਾਬੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

ਕੈਨੇਡਾ ਸਰਹੱਦ ’ਤੇ ਟਰੱਕ ’ਚੋਂ 52 ਕਿੱਲੋ ਨਸ਼ੀਲੇ ਪਦਾਰਥ ਬਰਾਮਦ, ਪੰਜਾਬੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ

ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਿਹਾ ਸੀ ਟਰਾਲਾ; ਦੋ ਸ਼ੱਕੀ ਬੈਗਾਂ ਦੀ ਜਾਂਚ ਦੌਰਾਨ ਹੋਇਆ ਖ਼ੁਲਾਸਾ

ਵੈਨਕੂਵਰ, 29 ਅਕਤੂਬਰ: ਕੈਨੇਡਾ ਦੀ ਸਰਹੱਦ ’ਤੇ ਸੁਰੱਖਿਆ ਏਜੰਸੀਆਂ ਨੇ ਅਮਰੀਕਾ ਤੋਂ ਆ ਰਹੇ ਇੱਕ ਟਰੱਕ-ਟਰਾਲੇ ਦੀ ਤਲਾਸ਼ੀ ਦੌਰਾਨ 52 ਕਿੱਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ 47 ਸਾਲਾ ਖ਼ੁਸ਼ਵਿੰਦਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਵੱਲੋਂ ਉਸ ਵਿਰੁੱਧ ਨਸ਼ਾ ਤਸਕਰੀ ਨਾਲ ਸਬੰਧਤ ਦੋਸ਼ ਲਾਏ ਗਏ ਹਨ।

ਫ਼ੈਡਰਲ ਪੁਲੀਸ ਦੇ ਬੁਲਾਰੇ ਕਾਰਪੋਰਲ ਪਰਮਬੀਰ ਕਾਹਲੋਂ ਅਨੁਸਾਰ, ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ ਅਤੇ ਫ਼ੈਡਰਲ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਕਾਰਵਾਈ ਦੌਰਾਨ ਇਹ ਬਰਾਮਦਗੀ ਹੋਈ। ਸਰਹੱਦ ’ਤੇ ਜਾਂਚ ਸਮੇਂ ਟਰੱਕ ਵਿੱਚ ਰੱਖੇ ਦੋ ਸ਼ੱਕੀ ਬੈਗ ਅਧਿਕਾਰੀਆਂ ਦੇ ਧਿਆਨ ਵਿੱਚ ਆਏ।

ਬੈਗਾਂ ਵਿੱਚ ਮੌਜੂਦ ਸਾਮਾਨ ਬਾਰੇ ਪੁੱਛਗਿੱਛ ਦੌਰਾਨ ਮਿਲੇ ਜਵਾਬਾਂ ਤੋਂ ਸੰਤੁਸ਼ਟ ਨਾ ਹੋਣ ’ਤੇ ਅਧਿਕਾਰੀਆਂ ਨੇ ਉਨ੍ਹਾਂ ਦੀ ਤਲਾਸ਼ੀ ਲਈ। ਜਾਂਚ ਦੌਰਾਨ ਬੈਗਾਂ ਵਿੱਚੋਂ ਇੱਟਾਂ ਵਰਗੇ ਪੈਕਟਾਂ ਵਿੱਚ ਪੈਕ ਕੀਤੇ ਨਸ਼ੀਲੇ ਪਦਾਰਥ ਮਿਲੇ। ਮੁੱਢਲੀ ਜਾਣਕਾਰੀ ਅਨੁਸਾਰ, ਬਰਾਮਦ ਕੀਤੇ ਪਦਾਰਥਾਂ ਵਿੱਚ ਹੈਰੋਇਨ ਅਤੇ ਕੋਕੀਨ ਸ਼ਾਮਲ ਹਨ।

ਪੁਲੀਸ ਨੇ ਖ਼ੁਸ਼ਵਿੰਦਰ ਸਿੰਘ ਗਿੱਲ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ। ਜਾਂਚ ਮਗਰੋਂ ਉਸ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਅਧਿਕਾਰੀਆਂ ਵੱਲੋਂ ਮਾਮਲੇ ਸਬੰਧੀ ਹੋਰ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।