ਹਾਦਸੇ ਮਗਰੋਂ ਦੋ ਡੱਬੇ ਪਟੜੀ ਤੋਂ ਉਤਰੇ, 544 ਮੁਸਾਫ਼ਰ ਸਨ ਸਵਾਰ; ਕਈ ਰੂਟਾਂ ’ਤੇ ਰੇਲ ਸੇਵਾਵਾਂ ਮੁਅੱਤਲ
ਮੈਡਰਿਡ: ਸਪੇਨ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ ਅਤੇ 80 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਸੈਂਟਰਲ ਸਪੇਨ ਦੇ ਟੋਲੇਡੋ ਸੂਬੇ ਵਿੱਚ ਵਾਪਰਿਆ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ, ਜਦਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਖੇਤਰੀ ਸਰਕਾਰ ਦੀ ਤਰਜਮਾਨ ਐਸਥਰ ਪੈਡੀਲਾ ਨੇ 64 ਮੌਤਾਂ ਦੀ ਪੁਸ਼ਟੀ ਕੀਤੀ ਹੈ। ਰੇਲ ਪ੍ਰਬੰਧਨ ਅਧਿਕਾਰੀਆਂ ਮੁਤਾਬਕ, ਟੱਕਰ ਕਾਰਨ ਦੋ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਤੋਂ ਬਾਅਦ ਮੈਡਰਿਡ, ਸਿਉਦਾਦ ਰੀਅਲ ਅਤੇ ਅੰਡਾਲੂਸੀਆ ਵਿਚਾਲੇ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ।
ਜਾਣਕਾਰੀ ਅਨੁਸਾਰ, ਇੱਕ ਰੇਲਗੱਡੀ ਮੈਡਰਿਡ ਤੋਂ ਸੇਵਿਲ ਵੱਲ ਜਾ ਰਹੀ ਸੀ। ਇਸ ਦੌਰਾਨ ਇੱਕ ਗੱਡੀ ਦੀ ਦੂਜੀ ਰੁਕੀ ਹੋਈ ਗੱਡੀ ਨਾਲ ਟੱਕਰ ਹੋ ਗਈ। ਹਾਦਸੇ ਵੇਲੇ ਸਰਕਾਰੀ ਰੇਲ ਕੰਪਨੀ ਰੇਨਫੇ ਦੀ ਗੱਡੀ ਵਿੱਚ 397 ਅਤੇ ਨਿੱਜੀ ਕੰਪਨੀ ਇਰੀਓ ਦੀ ਰੇਲਗੱਡੀ ਵਿੱਚ 147 ਮੁਸਾਫ਼ਰ ਸਵਾਰ ਸਨ। ਇਸ ਤਰ੍ਹਾਂ ਦੋਵੇਂ ਗੱਡੀਆਂ ਵਿੱਚ ਕੁੱਲ 544 ਮੁਸਾਫ਼ਰ ਮੌਜੂਦ ਸਨ।
ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।