ਅੰਸ਼ਕ ਨਤੀਜਿਆਂ ਵਿੱਚ ਸੱਤਾਧਾਰੀ ਧੜੇ ਨੂੰ 54 ਅਤੇ ਵਿਰੋਧੀ ਧਿਰ ਨੂੰ 48 ਸੀਟਾਂ ਮਿਲਣ ਦਾ ਅਨੁਮਾਨ; ਸਰਕਾਰ ਬਣਾਉਣ ਲਈ 61 ਸੀਟਾਂ ਜ਼ਰੂਰੀ
ਤਲ ਅਵੀਵ: ਇਜ਼ਰਾਈਲ ਦੀਆਂ ਸੰਸਦੀ ਚੋਣਾਂ ਦੇ ਅੰਸ਼ਕ ਨਤੀਜਿਆਂ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲਾ ਸੱਤਾਧਾਰੀ ਧੜਾ ਵਿਰੋਧੀ ਧਿਰ ਤੋਂ ਅੱਗੇ ਚੱਲ ਰਿਹਾ ਹੈ। ਹਾਲਾਂਕਿ, ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਕਿਸੇ ਵੀ ਧੜੇ ਨੂੰ ਸਰਕਾਰ ਬਣਾਉਣ ਲਈ ਲੋੜੀਂਦਾ ਸਪੱਸ਼ਟ ਬਹੁਮਤ ਮਿਲਦਾ ਦਿਖਾਈ ਨਹੀਂ ਦੇ ਰਿਹਾ।
ਬੁੱਧਵਾਰ ਸਵੇਰੇ 10 ਵਜੇ ਤੱਕ 72.4 ਫ਼ੀਸਦੀ ਬੈਲਟ ਬਕਸਿਆਂ ਦੀ ਗਿਣਤੀ ਦੇ ਆਧਾਰ ’ਤੇ ਨੇਤਨਯਾਹੂ ਦੇ ਧੜੇ ਨੂੰ 54 ਸੀਟਾਂ ਮਿਲਣ ਦਾ ਅਨੁਮਾਨ ਲਾਇਆ ਗਿਆ। ਇਸ ਦੇ ਮੁਕਾਬਲੇ ਸਾਬਕਾ ਫ਼ੌਜ ਮੁਖੀ ਗਾਦੀ ਆਇਜ਼ਨਕੋਟ ਦੀ ਅਗਵਾਈ ਵਾਲੇ ਵਿਰੋਧੀ ਧੜੇ ਨੂੰ 48 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ, ਜਦਕਿ ਅਰਬ ਪੱਖੀ ਪਾਰਟੀਆਂ ਦੇ ਖਾਤੇ ਵਿੱਚ 18 ਸੀਟਾਂ ਜਾਣ ਦਾ ਅਨੁਮਾਨ ਹੈ।
ਇਜ਼ਰਾਈਲ ਦੀ 120 ਮੈਂਬਰੀ ਸੰਸਦ ‘ਨੇਸੈੱਟ’ ਵਿੱਚ ਸਰਕਾਰ ਬਣਾਉਣ ਲਈ ਘੱਟੋ-ਘੱਟ 61 ਸੀਟਾਂ ਦੀ ਲੋੜ ਹੁੰਦੀ ਹੈ। ਮੌਜੂਦਾ ਅੰਕੜਿਆਂ ਅਨੁਸਾਰ ਕੋਈ ਵੀ ਧੜਾ ਇਸ ਅੰਕੜੇ ਤੱਕ ਨਹੀਂ ਪਹੁੰਚਿਆ। ਇਸ ਕਾਰਨ ਸਰਕਾਰ ਦੇ ਗਠਨ ਲਈ ਹੋਰ ਪਾਰਟੀਆਂ ਦੀ ਹਮਾਇਤ ਹਾਸਲ ਕਰਨੀ ਅਹਿਮ ਹੋ ਸਕਦੀ ਹੈ।
ਮੰਗਲਵਾਰ ਨੂੰ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਜਾਰੀ ਕੀਤੇ ਗਏ ਬਹੁਤੇ ਚੋਣ ਸਰਵੇਖਣਾਂ ਵਿੱਚ ਵਿਰੋਧੀ ਧਿਰ ਨੂੰ ਮਾਮੂਲੀ ਬੜ੍ਹਤ ਮਿਲਣ ਦਾ ਅਨੁਮਾਨ ਲਾਇਆ ਗਿਆ ਸੀ। ਪਰ ਅੰਸ਼ਕ ਗਿਣਤੀ ਵਿੱਚ ਨੇਤਨਯਾਹੂ ਦਾ ਧੜਾ ਅੱਗੇ ਨਜ਼ਰ ਆ ਰਿਹਾ ਹੈ। ਇਹ ਨਤੀਜੇ ਹਾਲੇ ਆਰਜ਼ੀ ਹਨ ਅਤੇ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਅੰਕੜਿਆਂ ਵਿੱਚ ਤਬਦੀਲੀ ਸੰਭਵ ਹੈ।