You are currently viewing ਝੋਟਾ ਕਤਲ ਮਾਮਲੇ ’ਚ ਪੁਲੀਸ ’ਤੇ ਕਾਰਵਾਈ, ਮਾਨਸਾ ਸਿਟੀ-2 ਦੀ ਐੱਸਐੱਚਓ ਬੇਅੰਤ ਕੌਰ ਮੁਅੱਤਲ

ਝੋਟਾ ਕਤਲ ਮਾਮਲੇ ’ਚ ਪੁਲੀਸ ’ਤੇ ਕਾਰਵਾਈ, ਮਾਨਸਾ ਸਿਟੀ-2 ਦੀ ਐੱਸਐੱਚਓ ਬੇਅੰਤ ਕੌਰ ਮੁਅੱਤਲ

ਨਸ਼ਾ ਤਸਕਰਾਂ ਬਾਰੇ ਮਿਲੀਆਂ ਸ਼ਿਕਾਇਤਾਂ ’ਤੇ ਕਾਰਵਾਈ ਨਾ ਕਰਨ ਦੇ ਲੱਗੇ ਸਨ ਦੋਸ਼; ਐੱਸਐੱਸਪੀ ਨੇ ਕੀਤੀ ਮੁਅੱਤਲੀ ਦੀ ਪੁਸ਼ਟੀ

ਮਾਨਸਾ, 15 ਅਕਤੂਬਰ

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਪੁਲੀਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਮਾਨਸਾ ਦੇ ਥਾਣਾ ਸਿਟੀ-2 ਦੀ ਮੁਖੀ ਬੇਅੰਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਪੁਲੀਸ ਲਾਈਨ ਵਿੱਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਜ਼ਿਲ੍ਹੇ ਤੋਂ ਬਾਹਰ ਤਬਾਦਲਾ ਵੀ ਕਰ ਦਿੱਤਾ ਗਿਆ ਹੈ।

ਮਾਮਲੇ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਗਏ ਸਨ। ਉਨ੍ਹਾਂ ਦਾ ਦੋਸ਼ ਸੀ ਕਿ ਝੋਟਾ ਵੱਲੋਂ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦੇਣ ਅਤੇ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ।

ਲਾਪਰਵਾਹੀ ਦੇ ਦੋਸ਼ਾਂ ਦੀ ਜਾਂਚ ਮਗਰੋਂ ਕਾਰਵਾਈ

ਝੋਟਾ ਕਤਲ ਮਾਮਲੇ ਵਿੱਚ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿਤ ਲਾਪਰਵਾਹੀ ਦਾ ਮਾਮਲਾ ਵੀ ਉੱਠਿਆ ਸੀ। ਇਸ ਸਬੰਧੀ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਜਾਂਚ ਦੌਰਾਨ ਕਿਸੇ ਪੁਲੀਸ ਮੁਲਾਜ਼ਮ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਥਾਣਾ ਸਿਟੀ-2 ਦੀ ਮੁਖੀ ਬੇਅੰਤ ਕੌਰ ਨੂੰ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਕਾਰਵਾਈ ਨੂੰ ਮਾਮਲੇ ਵਿੱਚ ਪੁਲੀਸ ਦੀ ਭੂਮਿਕਾ ਅਤੇ ਜਵਾਬਦੇਹੀ ਦੇ ਪੱਖ ਤੋਂ ਅਹਿਮ ਮੰਨਿਆ ਜਾ ਰਿਹਾ ਹੈ।