ਬੋਖੁਮ ਸ਼ਹਿਰ ਵਿੱਚ ਵਾਪਰੀ ਘਟਨਾ; ਦੋ ਔਰਤਾਂ ਅਤੇ ਇੱਕ ਨੌਜਵਾਨ ਨੇ ਗੁਆਈ ਜਾਨ, ਪੰਜ ਹੋਰ ਜ਼ਖ਼ਮੀ
ਬੋਖੁਮ/ਲੰਡਨ: ਜਰਮਨੀ ਦੇ ਬੋਖੁਮ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਤਿੰਨ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਾਦਸਾ ਮੰਗਲਵਾਰ ਤੜਕੇ ਵਾਪਰਿਆ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਤਲ ਦੇ ਸ਼ੱਕ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮ੍ਰਿਤਕਾਂ ਵਿੱਚ 25 ਅਤੇ 27 ਸਾਲ ਦੀਆਂ ਦੋ ਔਰਤਾਂ ਅਤੇ 26 ਸਾਲ ਦਾ ਇੱਕ ਪੁਰਸ਼ ਸ਼ਾਮਲ ਹੈ। ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਅਤੇ ਭਾਰਤ ਵਿੱਚ ਉਨ੍ਹਾਂ ਦੇ ਜੱਦੀ ਸੂਬਿਆਂ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਅੱਗ ਲੱਗਣ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਪੰਜ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ।
ਪੁਲਿਸ ਨੇ ਇਸ ਮਾਮਲੇ ਵਿੱਚ ਇਮਾਰਤ ਵਿੱਚ ਰਹਿਣ ਵਾਲੇ 41 ਸਾਲਾ ਰੋਮਾਨੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚਕਰਤਾਵਾਂ ਨੂੰ ਅੱਗ ਲੱਗਣ ਪਿੱਛੇ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਦਾ ਸ਼ੱਕ ਹੈ। ਇਸ ਕਾਰਨ ਤਕਨੀਕੀ ਖ਼ਰਾਬੀ ਨਾਲ ਅੱਗ ਲੱਗਣ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਮਾਮਲੇ ਦੀ ਜਾਂਚ ਕਤਲ ਦੇ ਸ਼ੱਕ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਘਟਨਾ ਨਾਲ ਸਬੰਧਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਜਾਂਚ ਪੂਰੀ ਹੋਣ ਅਤੇ ਕਾਨੂੰਨੀ ਕਾਰਵਾਈ ਅੱਗੇ ਵਧਣ ਤੋਂ ਬਾਅਦ ਹੀ ਮਾਮਲੇ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕੇਗੀ।