ਭਾਰਤ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦੇ ਹੱਕ ਵਿੱਚ ਉੱਠੀ ਆਵਾਜ਼; ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਰੱਦ ਕਰਨ ਦੀ ਮੰਗ
ਲੰਡਨ, 15 ਅਕਤੂਬਰ
ਭਾਰਤ ਵਿੱਚ ਵੋਟ ਦੇ ਅਧਿਕਾਰ ਅਤੇ ਰੋਸ ਪ੍ਰਗਟਾਉਣ ਦੀ ਆਜ਼ਾਦੀ ਦੇ ਮੁੱਦੇ ’ਤੇ ਚੱਲ ਰਹੇ ਪ੍ਰਦਰਸ਼ਨਾਂ ਦੇ ਸਮਰਥਨ ਵਿੱਚ ਬਰਤਾਨੀਆ ਦੀਆਂ ਕਈ ਪਰਵਾਸੀ ਭਾਰਤੀ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਮੰਗਲਵਾਰ ਸ਼ਾਮ ਨੂੰ ਹੋਏ ਇਸ ਇਕੱਠ ਨੂੰ ਭਾਰਤ ਵਿੱਚ ਜਾਰੀ ਅੰਦੋਲਨਾਂ ਨਾਲ ਇਕਜੁੱਟਤਾ ਦਿਖਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ।
ਇਸ ਪ੍ਰਦਰਸ਼ਨ ਵਿੱਚ ਦੱਖਣੀ ਏਸ਼ੀਆ ਏਕਤਾ ਸਮੂਹ, ਕੈਂਬਰਿਜ ਦੱਖਣੀ ਏਸ਼ੀਆਈ ਮੰਚ, ਹਿੰਦੂਤਵ ਵਿਰੋਧੀ ਮੰਚ, ਭਾਰਤੀ ਮਜ਼ਦੂਰ ਐਸੋਸੀਏਸ਼ਨ ਅਤੇ ਐੱਸਓਏਐੱਸ ਅੰਬੇਡਕਰ ਸੁਸਾਇਟੀ ਸਮੇਤ ਕਈ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਹੋਏ। ਇਕੱਠ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ ਅਤੇ ਭਾਰਤ ਵਿੱਚ ਵੋਟ ਪਾਉਣ ਦੇ ਹੱਕ ਤੇ ਸ਼ਾਂਤਮਈ ਢੰਗ ਨਾਲ ਵਿਰੋਧ ਦਰਜ ਕਰਵਾਉਣ ਦੀ ਆਜ਼ਾਦੀ ਦੀ ਰਾਖੀ ਦੀ ਮੰਗ ਕੀਤੀ।
ਮੁਜ਼ਾਹਰਾਕਾਰੀਆਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦੀ ਪ੍ਰਕਿਰਿਆ ਰੱਦ ਕਰਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਉਠਾਈ। ਉਨ੍ਹਾਂ ਦੇ ਹੱਥਾਂ ਵਿੱਚ ਫੜੀਆਂ ਤਖ਼ਤੀਆਂ ’ਤੇ ਚੋਣ ਪ੍ਰਕਿਰਿਆ ਨਾਲ ਜੁੜੇ ਮੁੱਦਿਆਂ ਦੇ ਨਾਲ-ਨਾਲ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਅਤੇ ਵਕੀਲਾਂ ਵਿਰੁੱਧ ਕਥਿਤ ਪੁਲੀਸ ਜ਼ਿਆਦਤੀਆਂ ਤੇ ਜਿਨਸੀ ਹਿੰਸਾ ਦੀ ਨਿਖੇਧੀ ਕੀਤੀ ਗਈ।
ਦੱਖਣੀ ਏਸ਼ੀਆ ਏਕਤਾ ਸਮੂਹ ਦੀ ਮੁਕਤੀ ਸ਼ਾਹ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਾਮਲਾ ਸਿਰਫ਼ ਕਿਸੇ ਇੱਕ ਅਧਿਕਾਰੀ ਤੱਕ ਸੀਮਤ ਨਹੀਂ, ਸਗੋਂ ਲੋਕਾਂ ਦੇ ਵੱਡੇ ਰੋਸ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਬਰਤਾਨੀਆ ਵਿੱਚ ਇਸ ਮੁੱਦੇ ਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ।
ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸੇ ਲੜੀ ਤਹਿਤ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੀ ਬਰਤਾਨੀਆ ਇਕਾਈ ਵੱਲੋਂ ਹਫ਼ਤੇ ਦੌਰਾਨ ਕਾਰਡਿਫ, ਲੀਡਜ਼ ਅਤੇ ਐਡਿਨਬਰਾ ਵਿੱਚ ਵੀ ਇਕੱਠ ਕੀਤੇ ਗਏ।