ਪੰਜਾਬ ਕਾਂਗਰਸ ਦੇ ਸਹਿ ਪ੍ਰਭਾਰੀ ਸੂਰਜ ਠਾਕੁਰ ਨੇ ਫਗਵਾੜਾ ਵਿੱਚ ਕਪੂਰਥਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਸਾਂਝੀ ਬੈਠਕ ਕਰਕੇ 15 ਸਤੰਬਰ ਨੂੰ ਹੋਣ ਵਾਲੇ ਕਾਂਗਰਸ ਦੇ ਇਨਸਾਫ਼ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਬੈਠਕ ਦੀ ਅਗਵਾਈ ਕਪੂਰਥਲਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤੀ।
ਬੈਠਕ ਦੌਰਾਨ ਸੰਗਠਨ ਨੂੰ ਬੂਥ ਪੱਧਰ ਤੱਕ ਸਰਗਰਮ ਕਰਨ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਸਥਾਰਪੂਰਵਕ ਰਣਨੀਤੀ ਤਿਆਰ ਕੀਤੀ ਗਈ। ਸੂਰਜ ਠਾਕੁਰ ਨੇ ਕਿਹਾ ਕਿ ਇਹ ਸਿਰਫ਼ ਇੱਕ ਸਿਆਸੀ ਪ੍ਰੋਗਰਾਮ ਨਹੀਂ, ਸਗੋਂ ਸਵਰਗੀ ਗੁਲਜ਼ਾਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਫ਼ੈਸਲਾਕੁੰਨ ਲੜਾਈ ਹੈ, ਜਿਸ ਦੀ ਅਗਵਾਈ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚੁੱਪ, ਡਰ ਅਤੇ ਜ਼ਿੰਮੇਵਾਰੀ ਤੋਂ ਭੱਜਣ ਦੀ ਰਾਜਨੀਤੀ ਦੇ ਸਹਾਰੇ ਨਹੀਂ ਚਲਾਇਆ ਜਾ ਸਕਦਾ। ਜੋ ਸਰਕਾਰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਹੀ ਦਬਾਉਣ ਲੱਗ ਪਏ, ਉਸ ਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਹੀ ਪਵੇਗਾ।
ਸੂਰਜ ਠਾਕੁਰ ਨੇ ਕਿਹਾ ਕਿ ਕਾਂਗਰਸ ਇਸ ਮੁੱਦੇ ਨੂੰ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਤੱਕ ਲੈ ਕੇ ਜਾਵੇਗੀ ਅਤੇ ਆਮ ਆਦਮੀ ਪਾਰਟੀ ਸਰਕਾਰ ਤੋਂ ਸਪੱਸ਼ਟ ਜਵਾਬ, ਜਵਾਬਦੇਹੀ ਅਤੇ ਇਨਸਾਫ਼ ਦੀ ਮੰਗ ਕਰੇਗੀ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ 15 ਸਤੰਬਰ ਦੇ ਪ੍ਰਦਰਸ਼ਨ ਨੂੰ ਜਨ ਅੰਦੋਲਨ ਦਾ ਰੂਪ ਦੇ ਕੇ ਇਹ ਸੁਨੇਹਾ ਦਿੱਤਾ ਜਾਵੇ ਕਿ ਪੰਜਾਬ ਅਨਿਆਂ ਦੇ ਸਾਹਮਣੇ ਚੁੱਪ ਨਹੀਂ ਬੈਠੇਗਾ।
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਚਿਨ ਪਾਇਲਟ ਦੇ ਆਉਣ ਤੋਂ ਬਾਅਦ ਕਾਂਗਰਸ ਵਿੱਚ ਨਵੀਂ ਊਰਜਾ ਆਈ ਹੈ। ਪੰਜਾਬ ਵਿੱਚ ਕਾਂਗਰਸ ਦਲਿਤਾਂ ਨਾਲ ਧੱਕਾ ਨਹੀਂ ਹੋਣ ਦੇਵੇਗੀ। ਕਾਂਗਰਸ ਪੀੜਤ ਦਲਿਤ ਪਰਿਵਾਰ ਦੇ ਨਾਲ ਡੱਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਹੋਣ ਵਾਲੇ ਧਰਨੇ-ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਮ ਆਦਮੀ ਪਾਰਟੀ ਦੀ ਤਾਬੂਤ ਵਿੱਚ ਆਖ਼ਰੀ ਕੀਲ ਠੋਕੀ ਜਾਵੇਗੀ। ਇਸੇ ਸੰਘਰਸ਼ ਨਾਲ 2027 ਦੀਆਂ ਚੋਣਾਂ ਦੀ ਨੀਂਹ ਰੱਖੀ ਜਾਵੇਗੀ ਅਤੇ ਕਾਂਗਰਸ ਪੰਜਾਬ ਵਿੱਚ ਮਜ਼ਬੂਤੀ ਨਾਲ ਸਰਕਾਰ ਬਣਾਏਗੀ।
ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੁਖਜਿੰਦਰ ਸਿੰਘ ਡੈਨੀ ਨੇ ਕਿਹਾ ਕਿ ਸਦੀਆਂ ਪਹਿਲਾਂ ਦਲਿਤ ਸਮਾਜ ਨਾਲ ਜਿਸ ਤਰ੍ਹਾਂ ਦਾ ਅਨਿਆਂ ਅਤੇ ਅਪਮਾਨ ਹੁੰਦਾ ਸੀ, ਅੱਜ ਉਹੀ ਰਵੱਈਆ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਦੇ ਦਬਾਅ ਰਾਹੀਂ ਦਲਿਤ ਪਰਿਵਾਰਾਂ ਨਾਲ ਕਰ ਰਹੀ ਹੈ। ਇਹ ਸਿਰਫ਼ ਇੱਕ ਪਰਿਵਾਰ ਦਾ ਨਹੀਂ, ਸਗੋਂ ਪੂਰੇ ਦਲਿਤ ਸਮਾਜ ਦੇ ਸਨਮਾਨ ‘ਤੇ ਹਮਲਾ ਹੈ। ਕਾਂਗਰਸ ਇਸ ਕਥਿਤ ਅਨਿਆਂ ਅਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਵਿਰੋਧ ਵਿੱਚ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ।
ਬੈਠਕ ਵਿੱਚ ਤਿੰਨਾਂ ਜ਼ਿਲ੍ਹਿਆਂ ਦੇ ਸੀਨੀਅਰ ਕਾਂਗਰਸੀ ਆਗੂਆਂ ਵਿੱਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਵਿਧਾਇਕ ਪਵਨ ਆਦੀਆ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਲੋਕ ਸਭਾ ਉਮੀਦਵਾਰ ਯਾਮਿਨੀ ਗੋਮਰ, ਸਾਬਕਾ ਵਿਧਾਇਕ ਅਰੁਣ ਡੋਗਰਾ, ਨਰੇਸ਼ ਭਾਰਦਵਾਜ, ਮੀਨਾ ਸਿੰਘ, ਨਵਾਂਸ਼ਹਿਰ ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ, ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ ਦਲਜੀਤ ਗਿਲਜੀਆਂ, ਸਤਬੀਰ ਪੱਲੀਚੱਕੀ ਸਮੇਤ ਹੋਰ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਇਨਸਾਫ਼ ਦੀ ਇਸ ਲੜਾਈ ਨੂੰ ਪੂਰੀ ਤਾਕਤ ਨਾਲ ਲੜਨ ਦਾ ਸੰਕਲਪ ਲਿਆ।