ਲਾ ਪਾਜ਼,: ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਪੱਛਮੀ ਸ਼ਹਿਰ ਵਿਆਚਾ ਵਿੱਚ ਇੱਕ ਫੌਜੀ ਅੱਡੇ ’ਤੇ ਹੋਏ ਜ਼ਬਰਦਸਤ ਧਮਾਕੇ ਨੇ ਦਹਿਸ਼ਤ ਪੈਦਾ ਕਰ ਦਿੱਤੀ। ਹਾਦਸੇ ਵਿੱਚ 10 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ 10 ਤੋਂ 15 ਦੇ ਵਿਚਕਾਰ ਹੋ ਸਕਦੀ ਹੈ।
ਬੋਲੀਵੀਆ ਦੇ ਰੱਖਿਆ ਮੰਤਰੀ ਅਰਨੈਸਟੋ ਜਸਟਿਨਿਆਨੋ ਅਨੁਸਾਰ ਧਮਾਕਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2:30 ਵਜੇ ਹੋਇਆ। ਇਹ ਧਮਾਕਾ ਉਸ ਸਥਾਨ ’ਤੇ ਹੋਇਆ ਜਿੱਥੇ ਰੱਖਿਆ ਮੰਤਰਾਲੇ ਨਾਲ ਸਬੰਧਤ ਆਤਿਸ਼ਬਾਜ਼ੀ ਦਾ ਸਟਾਕ ਰੱਖਿਆ ਗਿਆ ਸੀ।
ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਵਿੱਚ ਵੱਡੀ ਗਿਣਤੀ ਆਮ ਨਾਗਰਿਕਾਂ ਦੀ ਦੱਸੀ ਜਾ ਰਹੀ ਹੈ, ਜਦਕਿ ਕੁਝ ਫੌਜੀ ਕਰਮਚਾਰੀ ਵੀ ਪ੍ਰਭਾਵਿਤ ਹੋਏ ਹਨ। ਰਿਪੋਰਟਾਂ ਮੁਤਾਬਕ ਕਰੀਬ 58 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਕੁਝ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਰਾਜਧਾਨੀ ਲਾ ਪਾਜ਼ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਐਂਬੂਲੈਂਸਾਂ, ਮੈਡੀਕਲ ਟੀਮਾਂ ਅਤੇ ਪੁਲਿਸ ਨੂੰ ਮੌਕੇ ’ਤੇ ਭੇਜਿਆ ਗਿਆ। ਬਚਾਅ ਕਰਮਚਾਰੀਆਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਨਾਲ-ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਦਾ ਕੰਮ ਵੀ ਸ਼ੁਰੂ ਕਰ ਦਿੱਤਾ।
ਹਾਦਸੇ ਵਿੱਚ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਜਤਾਇਆ ਗਿਆ ਹੈ।
ਧਮਾਕੇ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਬੋਲੀਵੀਆਈ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਤਿਸ਼ਬਾਜ਼ੀ ਦੇ ਭੰਡਾਰ ਵਾਲੀ ਥਾਂ ’ਤੇ ਧਮਾਕਾ ਕਿਹੜੇ ਹਾਲਾਤਾਂ ਵਿੱਚ ਹੋਇਆ।