You are currently viewing ਅਮਰੀਕਾ ਵਿੱਚ ਧੋਖਾਧੜੀ ਮਾਮਲੇ ਦਾ ਲੋੜੀਂਦਾ ਮੁਲਜ਼ਮ ਜਲੰਧਰ ਪੁਲਿਸ ਵੱਲੋਂ ਕਾਬੂ

ਅਮਰੀਕਾ ਵਿੱਚ ਧੋਖਾਧੜੀ ਮਾਮਲੇ ਦਾ ਲੋੜੀਂਦਾ ਮੁਲਜ਼ਮ ਜਲੰਧਰ ਪੁਲਿਸ ਵੱਲੋਂ ਕਾਬੂ

ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਲੋੜੀਂਦੇ ਦੱਸੇ ਜਾ ਰਹੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮਨਜੀਤ ਸਿੰਘ ਬੇਦੀ ਨੂੰ ਜਲੰਧਰ ਤੋਂ ਕਾਬੂ ਕੀਤਾ ਗਿਆ ਹੈ, ਜਿਸ ਦੀ ਅਮਰੀਕਾ ਵਿੱਚ ਧੋਖਾਧੜੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਭਾਲ ਕੀਤੀ ਜਾ ਰਹੀ ਸੀ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੇਦੀ ਦਾ ਨਾਮ ਅਮਰੀਕਾ ਵਿੱਚ ਕਥਿਤ ਤੌਰ ’ਤੇ ਲੋੜੀਂਦੇ ਧੋਖਾਧੜੀ ਦੇ ਮੁਲਜ਼ਮਾਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸ ’ਤੇ ਅਮਰੀਕਾ ਦੀ ਇੱਕ ਸਰਕਾਰੀ ਲਾਭ ਯੋਜਨਾ ਨਾਲ ਸਬੰਧਤ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਕਾਰਵਾਈ ਚੱਲ ਰਹੀ ਸੀ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਨੂੰਨੀ ਕਾਰਵਾਈ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਬੇਦੀ ਅਪ੍ਰੈਲ 2026 ਵਿੱਚ ਕੈਨੇਡਾ ਰਾਹੀਂ ਭਾਰਤ ਪਹੁੰਚਿਆ ਸੀ। ਇਸ ਤੋਂ ਬਾਅਦ ਉਹ ਜਲੰਧਰ ਵਿੱਚ ਰਹਿ ਰਿਹਾ ਸੀ ਅਤੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਟਰੈਵਲ ਏਜੰਟ ਵਜੋਂ ਵੀ ਕੰਮ ਕਰ ਰਿਹਾ ਸੀ।

ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਮਿਲੇ ਖੁਫੀਆ ਇਨਪੁਟ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਉਸ ਦੇ ਭਾਰਤ ਆਉਣ ਦੇ ਰਸਤੇ, ਇੱਥੇ ਰਹਿਣ ਦੌਰਾਨ ਕੀਤੀਆਂ ਗਤੀਵਿਧੀਆਂ ਅਤੇ ਵਿਦੇਸ਼ਾਂ ਵਿੱਚ ਮੌਜੂਦ ਸੰਭਾਵਿਤ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਮੁਤਾਬਕ ਜਾਂਚ ਦਾ ਇੱਕ ਮੁੱਖ ਪੱਖ ਇਹ ਵੀ ਹੈ ਕਿ ਭਾਰਤ ਆਉਣ ਤੋਂ ਬਾਅਦ ਮੁਲਜ਼ਮ ਨੇ ਕਿਹੜੀਆਂ ਗਤੀਵਿਧੀਆਂ ਕੀਤੀਆਂ ਅਤੇ ਕੀ ਉਸ ਦੇ ਕਿਸੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਸਬੰਧ ਸਨ। ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।