ਪੁਲਿਸ ਮੁਤਾਬਕ 20 ਸਕਿੰਟਾਂ ’ਚ ਵਾਪਰੀ ਘਟਨਾ, ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਚਲਾਈ ਗੋਲੀ
ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਥਿਤ ਮਸ਼ਹੂਰ ਟਾਈਮਜ਼ ਸਕੁਏਅਰ ਵਿੱਚ ਚਾਕੂ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਇੱਕ ਔਰਤ ਨੇ ਦੋ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਇੱਕ 32 ਸਾਲਾ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ 68 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ।
ਪੁਲਿਸ ਅਨੁਸਾਰ ਇਹ ਘਟਨਾ ਸ਼ਾਮ ਕਰੀਬ 4 ਵਜੇ ਟਾਈਮਜ਼ ਸਕੁਏਅਰ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰੀ। ਉਸ ਸਮੇਂ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਅਤੇ ਹੋਰ ਲੋਕ ਮੌਜੂਦ ਸਨ। ਅਧਿਕਾਰੀਆਂ ਮੁਤਾਬਕ ਹਮਲਾ ਬਹੁਤ ਥੋੜ੍ਹੇ ਸਮੇਂ ਵਿੱਚ ਹੋਇਆ।
ਪੁਲਿਸ ਨੇ ਹਮਲਾਵਰ ਦੀ ਪਛਾਣ 49 ਸਾਲਾ ਪਾਮੇਲਾ ਸਿਨੇਰੋਸ ਵਜੋਂ ਕੀਤੀ ਹੈ। ਜਾਣਕਾਰੀ ਮੁਤਾਬਕ ਦੋਵੇਂ ਪੀੜਤਾਂ ਦੇ ਪੇਟ ’ਤੇ ਚਾਕੂ ਨਾਲ ਵਾਰ ਕੀਤੇ ਗਏ ਸਨ। ਜ਼ਖ਼ਮੀ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਜ਼ਖ਼ਮੀ ਵਿਅਕਤੀ ਦੀ ਹਾਲਤ ਪਹਿਲਾਂ ਗੰਭੀਰ ਦੱਸੀ ਗਈ ਸੀ, ਪਰ ਬਾਅਦ ਵਿੱਚ ਉਸ ਦੀ ਸਥਿਤੀ ਸਥਿਰ ਹੋਣ ਦੀ ਜਾਣਕਾਰੀ ਮਿਲੀ।
ਘਟਨਾ ਤੋਂ ਬਾਅਦ ਪੁਲਿਸ ਨੇ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਮੁਤਾਬਕ ਔਰਤ ਨੇ ਚਾਕੂ ਛੱਡਣ ਤੋਂ ਇਨਕਾਰ ਕੀਤਾ ਅਤੇ ਪੁਲਿਸ ਮੁਲਾਜ਼ਮਾਂ ਨੂੰ ਧਮਕੀ ਵੀ ਦਿੱਤੀ। ਉਹ ਹੱਥ ਵਿੱਚ ਚਾਕੂ ਲੈ ਕੇ ਅੱਗੇ ਵਧਦੀ ਰਹੀ, ਜਿਸ ਤੋਂ ਬਾਅਦ ਪੁਲਿਸ ਨੇ ਗੋਲੀ ਚਲਾਈ।
ਗੋਲੀ ਲੱਗਣ ਕਾਰਨ ਹਮਲਾਵਰ ਔਰਤ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲੇ ਦੇ ਪਿੱਛੇ ਕਾਰਨ ਪਤਾ ਲਗਾਉਣ ਲਈ ਵੀ ਜਾਂਚ ਜਾਰੀ ਹੈ।