You are currently viewing ਆਸਟਰੇਲੀਆ ’ਚ ਵਿਦਿਆਰਥੀ ਵੀਜ਼ਾ ਹੋ ਸਕਦੈ ਹੋਰ ਔਖਾ

ਆਸਟਰੇਲੀਆ ’ਚ ਵਿਦਿਆਰਥੀ ਵੀਜ਼ਾ ਹੋ ਸਕਦੈ ਹੋਰ ਔਖਾ

ਇਮੀਗ੍ਰੇਸ਼ਨ ਘਟਾਉਣ ਲਈ ਸਰਕਾਰ ਵੱਲੋਂ ਨਿਯਮਾਂ ’ਚ ਬਦਲਾਅ ’ਤੇ ਵਿਚਾਰ, ਡਿਪੈਂਡੈਂਟ ਵੀਜ਼ਾ ਵੀ ਆ ਸਕਦੈ ਦਾਇਰੇ ’ਚ

ਮੈਲਬੌਰਨ: ਆਸਟਰੇਲੀਆ ਸਰਕਾਰ ਵਧ ਰਹੀ ਇਮੀਗ੍ਰੇਸ਼ਨ ਨੂੰ ਕਾਬੂ ਕਰਨ ਲਈ ਵਿਦਿਆਰਥੀ ਵੀਜ਼ਾ ਪ੍ਰਣਾਲੀ ਨੂੰ ਹੋਰ ਸਖ਼ਤ ਬਣਾਉਣ ਦੀ ਤਿਆਰੀ ਕਰ ਰਹੀ ਹੈ। ਪ੍ਰਸਤਾਵਿਤ ਤਬਦੀਲੀਆਂ ਦਾ ਪ੍ਰਭਾਵ ਖ਼ਾਸ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ’ਤੇ ਪੈ ਸਕਦਾ ਹੈ ਜੋ ਪਹਿਲਾਂ ਹੀ ਆਸਟਰੇਲੀਆ ਵਿੱਚ ਰਹਿ ਰਹੇ ਹਨ ਅਤੇ ਆਪਣੇ ਵੀਜ਼ੇ ਨੂੰ ਅੱਗੇ ਵਧਾਉਣ ਲਈ ਅਰਜ਼ੀਆਂ ਦਿੰਦੇ ਹਨ।

ਪ੍ਰਸਤਾਵਿਤ ਨਿਯਮਾਂ ਤਹਿਤ ਆਸਟਰੇਲੀਆ ਵਿੱਚ ਟੂਰਿਸਟ ਜਾਂ ਕਿਸੇ ਹੋਰ ਅਸਥਾਈ ਵੀਜ਼ੇ ’ਤੇ ਪਹੁੰਚਣ ਤੋਂ ਬਾਅਦ ਸਟੂਡੈਂਟ ਵੀਜ਼ਾ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਸਖ਼ਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਾਰ-ਵਾਰ ਵੀਜ਼ਾ ਵਧਾਉਣ ਦੀ ਪ੍ਰਥਾ ’ਤੇ ਵੀ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਆਸਟਰੇਲੀਆ ਜਾਣ ਵਾਲੇ ਜੀਵਨ ਸਾਥੀ ਅਤੇ ਬੱਚਿਆਂ ਲਈ ਡਿਪੈਂਡੈਂਟ ਵੀਜ਼ੇ ਦੀਆਂ ਸ਼ਰਤਾਂ ਵਿੱਚ ਵੀ ਤਬਦੀਲੀ ਕੀਤੇ ਜਾਣ ਦੀ ਸੰਭਾਵਨਾ ਹੈ। ਸਰਕਾਰ ਦਾ ਮਕਸਦ ਡਿਪੈਂਡੈਂਟ ਵੀਜ਼ਿਆਂ ਰਾਹੀਂ ਵਧ ਰਹੀ ਪ੍ਰਵਾਸੀ ਗਿਣਤੀ ਨੂੰ ਸੀਮਤ ਕਰਨਾ ਦੱਸਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਵੀਜ਼ਾ ਬਿਨੈਕਾਰਾਂ ਵੱਲੋਂ ਦਿਖਾਏ ਜਾਣ ਵਾਲੇ ਵਿੱਤੀ ਸਰੋਤਾਂ ਅਤੇ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਨਾਲ ਸਬੰਧਤ ਮਾਪਦੰਡਾਂ ਨੂੰ ਵੀ ਹੋਰ ਸਖ਼ਤ ਕਰਨ ਦੇ ਵਿਕਲਪ ’ਤੇ ਵਿਚਾਰ ਚੱਲ ਰਿਹਾ ਹੈ।

ਆਸਟਰੇਲੀਆ ਵਿੱਚ ਰਿਹਾਇਸ਼ ਦੀ ਕਮੀ ਅਤੇ ਬੁਨਿਆਦੀ ਢਾਂਚੇ ’ਤੇ ਵਧ ਰਹੇ ਦਬਾਅ ਦੇ ਮੱਦੇਨਜ਼ਰ ਸਰਕਾਰ ਇਮੀਗ੍ਰੇਸ਼ਨ ਦੀ ਗਿਣਤੀ ਘਟਾਉਣ ’ਤੇ ਜ਼ੋਰ ਦੇ ਰਹੀ ਹੈ। ਪ੍ਰਸਤਾਵਿਤ ਵੀਜ਼ਾ ਨੀਤੀ ਦਾ ਉਦੇਸ਼ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤਰਜੀਹ ਦੇਣਾ ਹੈ ਜੋ ਵਾਸਤਵ ਵਿੱਚ ਪੜ੍ਹਾਈ ਲਈ ਆਸਟਰੇਲੀਆ ਜਾਣਾ ਚਾਹੁੰਦੇ ਹਨ।