You are currently viewing ਖਾਲਸਾ ਪ੍ਰਾਇਮਰੀ ਸਕੂਲ ਸਲੋਹ ਵੱਲੋਂ ਨਰਪਿੰਦਰ ਕੌਰ ਮਾਨ ਦਾ ਵਿਸ਼ੇਸ਼ ਸਨਮਾਨ

ਖਾਲਸਾ ਪ੍ਰਾਇਮਰੀ ਸਕੂਲ ਸਲੋਹ ਵੱਲੋਂ ਨਰਪਿੰਦਰ ਕੌਰ ਮਾਨ ਦਾ ਵਿਸ਼ੇਸ਼ ਸਨਮਾਨ

ਸਲੋਹ (ਯੂਕੇ): ਦੱਖਣ-ਪੂਰਬੀ ਇੰਗਲੈਂਡ ਦੇ ਸਲੋਹ ਵਿਖੇ ਸਥਿਤ ਖਾਲਸਾ ਪ੍ਰਾਇਮਰੀ ਸਕੂਲ ਵੱਲੋਂ ਆਪਣੇ ਸਾਲਾਨਾ ਸਿੱਖ ਕੈਂਪ ਦੌਰਾਨ ਨਰਪਿੰਦਰ ਕੌਰ ਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਮਾਗਮ ਵਿਦਿਆਰਥੀਆਂ ਨੂੰ ਸੇਵਾ, ਅਨੁਸ਼ਾਸਨ ਅਤੇ ਭਾਈਚਾਰਕ ਸਾਂਝ ਵਰਗੀਆਂ ਸਿੱਖ ਕਦਰਾਂ-ਕੀਮਤਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਇਆ ਗਿਆ।

ਨਰਪਿੰਦਰ ਕੌਰ ਮਾਨ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਬਾਅਦ ਯੂਕੇ ਤੋਂ 64 ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਹੋਰਨਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਭਾਰਤ ਵਾਪਸ ਭੇਜਣ ਵਿੱਚ ਮਦਦ ਕਰਨ ਲਈ ਕੀਤੇ ਗਏ ਯਤਨਾਂ ਨੂੰ ਇਸ ਸਨਮਾਨ ਦਾ ਮੁੱਖ ਕਾਰਨ ਦੱਸਿਆ ਗਿਆ।

ਸਾਲਾਨਾ ਸਿੱਖ ਕੈਂਪ ਦੌਰਾਨ ਬੱਚਿਆਂ ਅਤੇ ਪਰਿਵਾਰਾਂ ਨੂੰ ਸਿੱਖ ਇਤਿਹਾਸ, ਧਾਰਮਿਕ ਕਦਰਾਂ-ਕੀਮਤਾਂ ਅਤੇ ਸੇਵਾ ਦੀ ਭਾਵਨਾ ਨਾਲ ਜੋੜਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਵਿੱਚ ਰੋਜ਼ਾਨਾ ਅਰਦਾਸ, ਸੇਵਾ ਕਾਰਜ ਅਤੇ ਸਿੱਖ ਇਤਿਹਾਸ ਤੇ ਸਿਧਾਂਤਾਂ ਨਾਲ ਸਬੰਧਤ ਵਰਕਸ਼ਾਪਾਂ ਸ਼ਾਮਲ ਰਹੀਆਂ।

ਸਕੂਲ ਵੱਲੋਂ ਕਰਵਾਇਆ ਗਿਆ ਇਹ ਸਮਾਗਮ ਨੌਜਵਾਨ ਪੀੜ੍ਹੀ ਨੂੰ ਸਿੱਖ ਪਰੰਪਰਾਵਾਂ ਅਤੇ ਸੇਵਾ ਦੇ ਸੰਦੇਸ਼ ਨਾਲ ਜੋੜਨ ਦੀ ਇੱਕ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸੇਵਾ ਅਤੇ ਮਨੁੱਖਤਾ ਲਈ ਕੀਤੇ ਗਏ ਯਤਨਾਂ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਗਿਆ।

ਸਿੱਖ ਕੈਂਪਾਂ ਰਾਹੀਂ ਬੱਚਿਆਂ ਨੂੰ ਸਿੱਖ ਸਿਧਾਂਤਾਂ ਨੂੰ ਸਿਰਫ਼ ਸਿੱਖਣ ਹੀ ਨਹੀਂ, ਸਗੋਂ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ।