ਪਟਨਾ: ਭਾਰਤੀ ਕ੍ਰਿਕਟ ਦੇ ਉੱਭਰਦੇ ਸਿਤਾਰੇ ਵੈਭਵ ਸੂਰਿਆਵੰਸ਼ੀ ਨੇ ਮਹਿਜ਼ 15 ਸਾਲ ਅਤੇ 232 ਦਿਨਾਂ ਦੀ ਉਮਰ ਵਿੱਚ ਵਿਸ਼ਵ ਕ੍ਰਿਕਟ ’ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਹ ਪੁਰਸ਼ ਟੀ-20 ਕ੍ਰਿਕਟ ਵਿੱਚ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਕਪਤਾਨ ਬਣ ਗਏ ਹਨ। ਉਨ੍ਹਾਂ ਨੂੰ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਲਈ ਬਿਹਾਰ ਦੀ ਟੀਮ ਦੀ ਅਗਵਾਈ ਸੌਂਪੀ ਗਈ ਹੈ।
14 ਨਵੰਬਰ ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ਵਿੱਚ ਬਿਹਾਰ ਦੀ ਟੀਮ ਨੇ ਆਪਣਾ ਪਹਿਲਾ ਮੁਕਾਬਲਾ ਸੌਰਾਸ਼ਟਰ ਵਿਰੁੱਧ ਖੇਡਿਆ। ਵੈਭਵ ਨੇ ਕਪਤਾਨ ਵਜੋਂ ਆਪਣੇ ਪਹਿਲੇ ਹੀ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਮੈਦਾਨ ਵਿੱਚ ਕਦਮ ਰੱਖਦਿਆਂ ਹੀ ਆਪਣੀ ਇਤਿਹਾਸਕ ਪ੍ਰਾਪਤੀ ਦਰਜ ਕਰਵਾ ਲਈ।
ਕਪਤਾਨੀ ਦੀ ਜ਼ਿੰਮੇਵਾਰੀ ਮਿਲਣ ’ਤੇ ਵੈਭਵ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਿਹਾਰ ਦੀ ਟੀਮ ਦੀ ਅਗਵਾਈ ਕਰਨਾ ਉਨ੍ਹਾਂ ਲਈ ਸੁਪਨਾ ਸਾਕਾਰ ਹੋਣ ਵਰਗਾ ਹੈ। ਉਨ੍ਹਾਂ ਨੇ ਇੰਨੀ ਛੋਟੀ ਉਮਰ ਵਿੱਚ ਇਹ ਮੌਕਾ ਮਿਲਣ ਨੂੰ ਆਪਣੀ ਖੁਸ਼ਕਿਸਮਤੀ ਦੱਸਿਆ।
ਕ੍ਰੋਏਸ਼ੀਆ ਦੇ ਖਿਡਾਰੀ ਦਾ ਰਿਕਾਰਡ ਪਿੱਛੇ ਛੱਡਿਆ
ਵੈਭਵ ਸੂਰਿਆਵੰਸ਼ੀ ਨੇ ਇਸ ਉਪਲਬਧੀ ਨਾਲ ਕ੍ਰੋਏਸ਼ੀਆ ਦੇ ਜੈਕ ਵੁਕੁਸਿਚ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਵੁਕੁਸਿਚ 17 ਸਾਲ ਅਤੇ 311 ਦਿਨਾਂ ਦੀ ਉਮਰ ਵਿੱਚ ਪੁਰਸ਼ ਟੀ-20 ਕ੍ਰਿਕਟ ਦੇ ਸਭ ਤੋਂ ਨੌਜਵਾਨ ਕਪਤਾਨ ਬਣੇ ਸਨ।
ਪੁਰਸ਼ ਟੀ-20 ਕ੍ਰਿਕਟ ਵਿੱਚ ਸਭ ਤੋਂ ਘੱਟ ਉਮਰ ਦੇ ਕਪਤਾਨਾਂ ਦੀ ਸੂਚੀ ਵਿੱਚ ਵੈਭਵ ਸੂਰਿਆਵੰਸ਼ੀ ਪਹਿਲੇ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਤੋਂ ਬਾਅਦ ਜੈਕ ਵੁਕੁਸਿਚ ਅਤੇ ਕੁਏਟਾ ਬੀਅਰਸ ਦੇ ਤੈਮੂਰ ਅਲੀ ਦਾ ਨਾਮ ਆਉਂਦਾ ਹੈ, ਜਿਨ੍ਹਾਂ ਨੇ 17 ਸਾਲ ਅਤੇ 358 ਦਿਨਾਂ ਦੀ ਉਮਰ ਵਿੱਚ ਟੀਮ ਦੀ ਕਮਾਨ ਸੰਭਾਲੀ ਸੀ।
ਇਸ ਇਤਿਹਾਸਕ ਪ੍ਰਾਪਤੀ ਨਾਲ ਵੈਭਵ ਸੂਰਿਆਵੰਸ਼ੀ ਨੇ ਭਾਰਤੀ ਕ੍ਰਿਕਟ ਦੇ ਭਵਿੱਖ ਵਜੋਂ ਆਪਣੀ ਪਛਾਣ ਹੋਰ ਮਜ਼ਬੂਤ ਕੀਤੀ ਹੈ।