You are currently viewing ਰਾਹੁਲ ਰੌਏ ਦੀ ਲਘੂ ਫ਼ਿਲਮ ‘ਅਮਨ’ ਨੇ ਲੰਡਨ ਫ਼ਿਲਮ ਮੇਲੇ ਵਿੱਚ ਮਾਰੀ ਬਾਜ਼ੀ

ਰਾਹੁਲ ਰੌਏ ਦੀ ਲਘੂ ਫ਼ਿਲਮ ‘ਅਮਨ’ ਨੇ ਲੰਡਨ ਫ਼ਿਲਮ ਮੇਲੇ ਵਿੱਚ ਮਾਰੀ ਬਾਜ਼ੀ

ਪਛਾਣ, ਮਰਦਾਨਗੀ ਅਤੇ ਪਿਤਾ ਬਣਨ ਦੀਆਂ ਉਲਝਣਾਂ ਨੂੰ ਪਰਦੇ ’ਤੇ ਪੇਸ਼ ਕਰਦੀ ਹੈ ਫ਼ਿਲਮ

ਲੰਡਨ, – ਅਦਾਕਾਰ ਰਾਹੁਲ ਰੌਏ ਦੀ ਲਿਖੀ ਅਤੇ ਨਿਰਦੇਸ਼ਿਤ ਲਘੂ ਫ਼ਿਲਮ ‘ਅਮਨ’ ਨੇ 70ਵੇਂ ਬੀਐੱਫਆਈ ਲੰਡਨ ਫ਼ਿਲਮ ਮੇਲੇ ਵਿੱਚ ਸਰਵੋਤਮ ਲਘੂ ਫ਼ਿਲਮ ਦਾ ਪੁਰਸਕਾਰ ਜਿੱਤ ਕੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਵਿਸ਼ਵ ਪ੍ਰੀਮੀਅਰ ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਮੇਲੇ ਵਿੱਚ ਹੋਇਆ ਸੀ।

ਫ਼ਿਲਮ ਦੀ ਕਹਾਣੀ ਇੱਕ ਅਜਿਹੇ ਟਰਾਂਸਜੈਂਡਰ ਪੁਰਸ਼ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਲਿੰਗ ਤਬਦੀਲੀ ਦੀ ਸਰਜਰੀ ਤੋਂ ਠੀਕ ਇੱਕ ਦਿਨ ਪਹਿਲਾਂ ਆਪਣੇ ਗਰਭਵਤੀ ਹੋਣ ਬਾਰੇ ਪਤਾ ਲੱਗਦਾ ਹੈ। ਇਹ ਅਚਾਨਕ ਸਾਹਮਣੇ ਆਈ ਸਥਿਤੀ ਉਸ ਨੂੰ ਆਪਣੀ ਪਛਾਣ, ਮਰਦਾਨਗੀ, ਪਿਤਾ ਬਣਨ ਦੀ ਇੱਛਾ ਅਤੇ ਆਪਣੇ ਸਰੀਰ ਨਾਲ ਜੁੜੇ ਸਵਾਲਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੰਦੀ ਹੈ।

ਕਬੀਰ ਮਾਨ ਅਤੇ ਸੀਰਤ ਤਨੇਜਾ ਨੇ ਫ਼ਿਲਮ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ‘ਅਮਨ’ ਰਾਹੀਂ ਲਿੰਗਕ ਪਛਾਣ ਅਤੇ ਮਾਪਿਆਂ ਤੇ ਬੱਚਿਆਂ ਵਿਚਲੇ ਰਿਸ਼ਤਿਆਂ ਬਾਰੇ ਸਮਾਜ ਵਿੱਚ ਪ੍ਰਚਲਿਤ ਰਵਾਇਤੀ ਧਾਰਨਾਵਾਂ ਨੂੰ ਨਵੇਂ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਹੈ।

ਫ਼ਿਲਮ ਨੂੰ ਮਿਲਿਆ ਇਹ ਸਨਮਾਨ ਇਸ ਦੀ ਵਿਲੱਖਣ ਕਹਾਣੀ ਅਤੇ ਸੰਵੇਦਨਸ਼ੀਲ ਵਿਸ਼ੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਿਲੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ।