ਪੰਜਾਬੀ ਮੂਲ ਦੇ ਕਈ ਨੌਜਵਾਨ ਵੀ ਮੁਲਜ਼ਮਾਂ ਵਿੱਚ ਸ਼ਾਮਲ; 128 ਦੋਸ਼ ਆਇਦ, 14 ਲੱਖ ਡਾਲਰ ਦਾ ਸਾਮਾਨ ਬਰਾਮਦ
ਵਿੰਨੀਪੈੱਗ, 20 ਅਕਤੂਬਰ। ਕੈਨੇਡਾ ਦੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਅਤੇ ਹਿੰਸਕ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਬੰਧੀ ਪੀਲ ਖੇਤਰੀ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਇਨ੍ਹਾਂ ਖ਼ਿਲਾਫ਼ ਕੁੱਲ 128 ਦੋਸ਼ ਲਾਏ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਪੰਜਾਬੀ ਮੂਲ ਦੇ ਕਈ ਨੌਜਵਾਨ ਵੀ ਸ਼ਾਮਲ ਦੱਸੇ ਜਾਂਦੇ ਹਨ।
ਪੁਲੀਸ ਅਨੁਸਾਰ ‘ਪ੍ਰੋਜੈਕਟ ਹਾਈ ਗਾਰਡ’ ਤਹਿਤ ਕੀਤੀ ਗਈ ਜਾਂਚ ਦੌਰਾਨ ਵਾਹਨ ਚੋਰੀਆਂ ਅਤੇ ਹਿੰਸਕ ਲੁੱਟਾਂ-ਖੋਹਾਂ ਨਾਲ ਜੁੜੀਆਂ 21 ਘਟਨਾਵਾਂ ਦੀਆਂ ਕੜੀਆਂ ਜੋੜੀਆਂ ਗਈਆਂ। ਇਹ ਜਾਂਚ ਜੂਨ 2025 ਤੋਂ ਅਪਰੈਲ 2026 ਤੱਕ ਚੱਲੀ। ਇਸ ਦਾ ਮੁੱਖ ਉਦੇਸ਼ ਕਥਿਤ ਤੌਰ ’ਤੇ ਇਨ੍ਹਾਂ ਅਪਰਾਧਾਂ ਵਿੱਚ ਸ਼ਾਮਲ ਸੰਗਠਿਤ ਗਿਰੋਹ ਦਾ ਪਤਾ ਲਗਾਉਣਾ ਸੀ।
ਜਾਂਚਕਰਤਾਵਾਂ ਮੁਤਾਬਕ ਕੁਝ ਵਾਰਦਾਤਾਂ ਦੌਰਾਨ ਲੋਕਾਂ ਨੂੰ ਚਾਕੂਆਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਡਰਾਇਆ-ਧਮਕਾਇਆ ਗਿਆ ਅਤੇ ਉਨ੍ਹਾਂ ’ਤੇ ਹਮਲੇ ਵੀ ਕੀਤੇ ਗਏ। ਇਨ੍ਹਾਂ ਘਟਨਾਵਾਂ ਵਿੱਚ ਮਹਿੰਗੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲੀਸ ਨੇ ਕਾਰਵਾਈ ਦੌਰਾਨ ਲਗਪਗ 14 ਲੱਖ ਡਾਲਰ ਮੁੱਲ ਦਾ ਸਾਮਾਨ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ।
ਪੁਲੀਸ ਦੀ ਇਸ ਕਾਰਵਾਈ ਨੂੰ ਵਾਹਨ ਚੋਰੀਆਂ ਅਤੇ ਹਿੰਸਕ ਲੁੱਟਾਂ-ਖੋਹਾਂ ਨਾਲ ਜੁੜੇ ਕਥਿਤ ਅਪਰਾਧਿਕ ਨੈੱਟਵਰਕ ਵਿਰੁੱਧ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਰੁੱਧ ਲਾਏ ਗਏ ਦੋਸ਼ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।