You are currently viewing ਐਲਪੀਯੂ ਦੇ ਕਥਿਤ ਜਬਰ-ਜਨਾਹ ਮਾਮਲੇ ਦੀ ਜਾਂਚ ਤੇਜ਼, ਵਿਦਿਆਰਥੀਆਂ ਤੋਂ ਸਬੂਤ ਮੰਗੇ

ਐਲਪੀਯੂ ਦੇ ਕਥਿਤ ਜਬਰ-ਜਨਾਹ ਮਾਮਲੇ ਦੀ ਜਾਂਚ ਤੇਜ਼, ਵਿਦਿਆਰਥੀਆਂ ਤੋਂ ਸਬੂਤ ਮੰਗੇ

ਫਗਵਾੜਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਾਲ ਜੁੜੇ ਕਥਿਤ ਜਬਰ-ਜਨਾਹ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਸਰਗਰਮ ਹੈ। ਸੋਸ਼ਲ ਮੀਡੀਆ ਮੰਚ ਰੈੱਡਿਟ ’ਤੇ ਇਸ ਮਾਮਲੇ ਸਬੰਧੀ ਸਾਹਮਣੇ ਆਏ ਦਾਅਵਿਆਂ ਦੇ ਮੱਦੇਨਜ਼ਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਜਾਂਚ ਵਿੱਚ ਸਹਿਯੋਗ ਦੇਣ ਅਤੇ ਕੋਈ ਵੀ ਭਰੋਸੇਯੋਗ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ।

ਯੂਨੀਵਰਸਿਟੀ ਦੇ ਅਕਾਦਮਿਕ ਸੇਵਾਵਾਂ ਵਿਭਾਗ ਵੱਲੋਂ 19 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਵੱਲੋਂ ਐੱਫਆਈਆਰ ਨੰਬਰ 162, ਮਿਤੀ 27 ਸਤੰਬਰ 2026 ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਦਿਆਰਥੀ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਠੋਸ ਜਾਣਕਾਰੀ ਜਾਂ ਸਬੂਤ ਮੌਜੂਦ ਹਨ, ਤਾਂ ਉਹ ਜਾਂਚ ਟੀਮ ਤੱਕ ਪਹੁੰਚਾਏ ਜਾਣ।

ਨੋਟਿਸ ਮੁਤਾਬਕ ਜਾਣਕਾਰੀ ਦੇਣ ਵਾਲੇ ਵਿਦਿਆਰਥੀਆਂ ਨੂੰ ਘਟਨਾ ਦੇ ਸੰਭਾਵਿਤ ਸਥਾਨ, ਮਿਤੀ ਅਤੇ ਸਮੇਂ ਬਾਰੇ ਵੇਰਵੇ ਦੇਣ ਦੇ ਨਾਲ-ਨਾਲ ਕਥਿਤ ਮੁਲਜ਼ਮ ਜਾਂ ਪੀੜਤ ਨਾਲ ਸਬੰਧਤ ਜਾਣਕਾਰੀ ਅਤੇ ਉਪਲਬਧ ਸਬੂਤ ਵੀ ਸਾਂਝੇ ਕਰਨ ਲਈ ਕਿਹਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖਣ ਦਾ ਭਰੋਸਾ ਦਿੱਤਾ ਹੈ।

ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਜਾਂਚ ਵਿੱਚ ਸਿਰਫ਼ ਤਸਦੀਕਯੋਗ ਤੱਥਾਂ ਅਤੇ ਭਰੋਸੇਯੋਗ ਸਬੂਤਾਂ ’ਤੇ ਆਧਾਰਿਤ ਜਾਣਕਾਰੀ ਹੀ ਦਿੱਤੀ ਜਾਵੇ। ਬਿਨਾਂ ਪੁਸ਼ਟੀ ਕੀਤੀਆਂ ਖ਼ਬਰਾਂ, ਅਟਕਲਾਂ ਜਾਂ ਅਫ਼ਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਜਾਂਚ ਦਾ ਮਕਸਦ ਮਾਮਲੇ ਨਾਲ ਸਬੰਧਤ ਤੱਥਾਂ ਦੀ ਪੁਸ਼ਟੀ ਕਰਨਾ ਹੈ।