ਭੰਨ-ਤੋੜ, ਅੱਗਜ਼ਨੀ ਅਤੇ ਕੌਮੀ ਮਾਰਗ ਜਾਮ ਕਰਨ ਦੇ ਦੋਸ਼ ਹੇਠ ਸੱਤ ਵਿਦਿਆਰਥੀਆਂ ਸਮੇਤ ਨੌਂ ਜਣੇ ਗ੍ਰਿਫ਼ਤਾਰ
ਜਲੰਧਰ, 2 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹਾਲ ਹੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਕੈਂਪਸ ਦੇ ਬਾਹਰ ਰੱਖੇ ਮਿਗ-23 ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਹਿਮਾਚਲ ਪ੍ਰਦੇਸ਼ ਦੇ ਇੱਕ ਨਾਬਾਲਗ ਵਿਦਿਆਰਥੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਦਰਸ਼ਨਾਂ ਦੌਰਾਨ ਜਹਾਜ਼ ਦੇ ਅਗਲੇ ਹਿੱਸੇ ’ਤੇ ਖੜ੍ਹੇ ਵਿਦਿਆਰਥੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਵਿੱਚ ਰਹੀ ਸੀ।
ਪੰਜਾਬ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕੁੱਲ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਯੂਨੀਵਰਸਿਟੀ ਦੇ ਸੱਤ ਵਿਦਿਆਰਥੀ ਅਤੇ ਦੋ ਬਾਹਰੀ ਵਿਅਕਤੀ ਸ਼ਾਮਲ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਵਿਰੁੱਧ ਕੈਂਪਸ ਵਿੱਚ ਭੰਨ-ਤੋੜ ਕਰਨ, ਅੱਗ ਲਾਉਣ, ਕੌਮੀ ਮਾਰਗ ’ਤੇ ਆਵਾਜਾਈ ਰੋਕਣ ਅਤੇ ਪੁਲੀਸ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਹਨ।
ਹਿਰਾਸਤ ਵਿੱਚ ਲਿਆ ਗਿਆ ਨਾਬਾਲਗ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਗਿਆ ਹੈ। ਰਿਪੋਰਟਾਂ ਅਨੁਸਾਰ ਉਸ ਦੇ ਪਿਤਾ ਮੰਡੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਅਧਿਕਾਰੀ ਹਨ।
ਹਿੰਸਕ ਘਟਨਾਵਾਂ ਦੌਰਾਨ ਕੈਂਪਸ ਵਿੱਚ ਅੱਗ ਲੱਗਣ ਦੀਆਂ ਤਸਵੀਰਾਂ ਅਤੇ ਪਿਛੋਕੜ ਵਿੱਚ ਜਹਾਜ਼ ’ਤੇ ਚੜ੍ਹੇ ਵਿਦਿਆਰਥੀ ਦੀ ਤਸਵੀਰ ਨੇ ਘਟਨਾ ਵੱਲ ਵਿਆਪਕ ਧਿਆਨ ਖਿੱਚਿਆ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।