You are currently viewing ਜਾਅਲੀ ਡਕੈਤੀ ਮਾਮਲੇ ’ਚ ਭਾਰਤੀ ਕਲਰਕ ਨੂੰ ਦਿੱਤਾ ਦੇਸ਼ ਨਿਕਾਲਾ

ਜਾਅਲੀ ਡਕੈਤੀ ਮਾਮਲੇ ’ਚ ਭਾਰਤੀ ਕਲਰਕ ਨੂੰ ਦਿੱਤਾ ਦੇਸ਼ ਨਿਕਾਲਾ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) – ਦੱਖਣੀ ਕੈਰੋਲੀਨਾ ਦੇ ਇੱਕ ਸੁਵਿਧਾ ਸਟੋਰ ਦੇ ਮਾਲਕ ਨੇ ਇੱਕ ਜਾਅਲੀ ਡਕੈਤੀ ਵਿੱਚ ਮਦਦ ਕਰਨ ਦਾ ਦੋਸ਼ ਮੰਨਿਆ ਹੈ ਤਾਂ ਜੋ ਇੱਕ ਭਾਰਤੀ ਸਟੋਰ ਕਲਰਕ ਅਪਰਾਧ ਪੀੜਤ ਵਜੋਂ ਅਮਰੀਕਾ ਵਿਚ ਰਹਿਣ ਦਾ ਅਧਿਕਾਰ ਪ੍ਰਾਪਤ ਕਰ ਸਕੇ | ਨਿਆਂ ਵਿਭਾਗ ਨੇ ਕਿਹਾ ਹੈ ਕਿ ਕਲਰਕ ਨੂੰ ਵਾਪਿਸ ਭਾਰਤ ਭੇਜ ਦਿੱਤਾ ਗਿਆ ਹੈ| ਨਿਆਂ ਵਿਭਾਗ ਨੇ ਕਲਰਕ ਦਾ ਨਾਂ ਜਨਤਿਕ ਨਹੀਂ ਕੀਤਾ ਹੈ ਤੇ ਅਦਾਲਤੀ ਦਸਤਾਵੇਜਾਂ ਵਿਚ ਉਸ ਦਾ ਨਾਂ ਸੀ ਏ ਵਜੋਂ ਦਰਜ ਹੈ| ਕੋਲੰਬੀਆ ਦੇ 47 ਸਾਲਾ ਬਿਰੇਨਕੁਮਾਰ ਰਮੇਸ਼ਭਾਈ ਪਟੇਲ ਨੇ ਮੰਨਿਆ ਕਿ ਡਕੈਤੀ ਫਰਜੀ ਸੀ ਤੇ ਉਹ ਭਾਰਤੀ ਕਲਰਕ ਜੋ ਉਸ ਦੇ ਹੀ ਫੇਅਰਫੀਲਡ ਕਾਉਂਟੀ ਸੁਵਿਧਾ ਸਟੋਰ ਵਿਚ ਕੰਮ ਕਰਦਾ ਸੀ, ਨੂੰ ਇਕ ਪੀੜਤ ਵਜੋਂ ਕਾਨੂੰਨੀ ਸਥਾਈ ਨਿਵਾਸ ਦਿਵਾਉਣ ’ਚ ਮਦਦ ਕਰਨੀ ਚਹੁੰਦਾ ਸੀ| ਸੰਘੀ ਵਕੀਲਾਂ ਨੇ ਕਿਹਾ ਕਿ 9 ਮਾਰਚ 2025 ਨੂੰ ਫਰਜੀ ਡਕੈਤੀ ਦੌਰਾਨ ਪਟੇਲ ਨੇ ਆਪਣਾ ਚੇਹਰਾ ਢੱਕਿਆ, ਇੱਕ ਲੰਬੀ ਬਾਹਾਂ ਵਾਲੀ ਜੈਕੇਟ ਪਹਿਨੀ ਅਤੇ ਇਸ ਤਰਾਂ ਕੰਮ ਕੀਤਾ ਜਿਵੇਂ ਉਹ ਕਲਰਕ ਨੂੰ ਲੁੱਟ ਰਿਹਾ ਹੋਵੇ| 911 ’ਤੇ ਕਾਲ ਕੀਤੀ ਗਈ ਅਤੇ ਅਧਿਕਾਰੀਆਂ ਦੇ ਪਹੁੰਚਣ ਤੋਂ ਬਾਅਦ ਕਲਰਕ ਨੂੰ ਹਸਪਤਾਲ ਲਿਜਾਇਆ ਗਿਆ ਸੀ| ਕਲਰਕ 18 ਸਤੰਬਰ, 2024 ਨੂੰ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਫਰਜੀ ਲੁੱਟ ਦੀ ਘਟਨਾ ਤੋਂ ਪਹਿਲਾਂ ਹੀ ਉਹ ਦੇਸ਼ ਨਿਕਾਲੇ ਦੀ ਪ੍ਰਕ੍ਰਿਆ ਤਹਿਤ ਸੀ|