ਦੁਬਈ: ਓਮਾਨ ਦੇ ਤੱਟ ਦੇ ਨੇੜੇ ਹੁਰਮੁਜ਼ ਜਲਡਮਰੂਮੱਧ ਵਿੱਚੋਂ ਲੰਘ ਰਹੇ ਇੱਕ ਵਪਾਰਕ ਜਹਾਜ਼ ’ਤੇ ਮੰਗਲਵਾਰ ਨੂੰ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਜਹਾਜ਼ ਦੇ ਚਾਲਕ ਦਲ ਦੇ 12 ਮੈਂਬਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ 11 ਭਾਰਤੀ ਨਾਗਰਿਕ ਦੱਸੇ ਜਾ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਘਟਨਾ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਇਸ ਦੀ ਨਿੰਦਾ ਕੀਤੀ ਹੈ।
ਮੰਤਰਾਲੇ ਅਨੁਸਾਰ ਪਨਾਮਾ ਦੇ ਝੰਡੇ ਹੇਠ ਚੱਲ ਰਿਹਾ ‘ਐਮਟੀ ਆਨ ਪੀਸ’ ਨਾਮਕ ਜਹਾਜ਼ ਹੁਰਮੁਜ਼ ਜਲਡਮਰੂਮੱਧ ਵਿੱਚੋਂ ਲੰਘ ਰਿਹਾ ਸੀ। ਇਸ ਦੌਰਾਨ ਜਹਾਜ਼ ਨੂੰ ਇੱਕ ਗੋਲੇ ਜਾਂ ਮਿਜ਼ਾਈਲ ਵਰਗੀ ਵਸਤੂ ਨਾਲ ਨਿਸ਼ਾਨਾ ਬਣਾਇਆ ਗਿਆ। ਜਹਾਜ਼ ਵਿੱਚ ਕੁੱਲ 19 ਮੈਂਬਰੀ ਚਾਲਕ ਦਲ ਮੌਜੂਦ ਸੀ, ਜਿਨ੍ਹਾਂ ਵਿੱਚ 17 ਭਾਰਤੀ ਨਾਗਰਿਕ ਸਨ।
ਘਟਨਾ ਤੋਂ ਬਾਅਦ ਓਮਾਨੀ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖ਼ਮੀ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਓਮਾਨ ਦੇ ਖਾਸਾਬ ਸ਼ਹਿਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਭਾਰਤ ਸਰਕਾਰ ਨੇ ਜ਼ਖ਼ਮੀਆਂ ਨੂੰ ਬਚਾਉਣ ਅਤੇ ਸੁਰੱਖਿਅਤ ਥਾਂ ਤੱਕ ਪਹੁੰਚਾਉਣ ਲਈ ਓਮਾਨੀ ਅਧਿਕਾਰੀਆਂ ਵੱਲੋਂ ਕੀਤੀ ਮਦਦ ਲਈ ਧੰਨਵਾਦ ਕੀਤਾ ਹੈ।
ਵਿਦੇਸ਼ ਮੰਤਰਾਲੇ ਨੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਨੂੰ ਖੇਤਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਕਰਾਰ ਦਿੱਤਾ। ਭਾਰਤ ਨੇ ਹੁਰਮੁਜ਼ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਲਈ ਅਜਿਹੀਆਂ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ।