You are currently viewing ਪੀਸੀਐੱਸ ਅਫਸਰ ਹੋਣ ਦਾ ਦਾਅਵਾ ਕਰਕੇ ‘ਆਪ’ ਆਗੂ ਨਾਲ ਵਿਆਹ, ਧੋਖਾਧੜੀ ਦੇ ਦੋਸ਼ ਹੇਠ ਮਾਮਲਾ ਦਰਜ

ਪੀਸੀਐੱਸ ਅਫਸਰ ਹੋਣ ਦਾ ਦਾਅਵਾ ਕਰਕੇ ‘ਆਪ’ ਆਗੂ ਨਾਲ ਵਿਆਹ, ਧੋਖਾਧੜੀ ਦੇ ਦੋਸ਼ ਹੇਠ ਮਾਮਲਾ ਦਰਜ

ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਵੱਲੋਂ ਖੁਦ ਨੂੰ ਪੀਸੀਐੱਸ ਅਧਿਕਾਰੀ ਦੱਸ ਕੇ ਆਮ ਆਦਮੀ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਮੰਡੋਫਲ ਨਾਲ ਵਿਆਹ ਕਰਵਾਉਣ ਅਤੇ ਬਾਅਦ ਵਿੱਚ ਘਰੋਂ ਗਹਿਣੇ ਲੈ ਕੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮਨਵਿੰਦਰ ਕੌਰ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਅਮਰਿੰਦਰ ਸਿੰਘ ਮੰਡੋਫਲ, ਜੋ ‘ਆਪ’ ਦੇ ਸੰਯੁਕਤ ਸਕੱਤਰ ਹੋਣ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸਰਹਿੰਦ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਈ ਦੋਸ਼ ਲਗਾਏ ਹਨ। ਉਨ੍ਹਾਂ ਮੁਤਾਬਕ ਵਿਆਹ ਤੋਂ ਪਹਿਲਾਂ ਔਰਤ ਅਤੇ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਪੀਸੀਐੱਸ ਅਧਿਕਾਰੀ ਅਤੇ ਕੁਆਰੀ ਦੱਸਿਆ ਗਿਆ ਸੀ। ਇਸ ਤੋਂ ਇਲਾਵਾ ਉਸ ਦੀ ਉਮਰ ਵੀ ਅਸਲ ਨਾਲੋਂ ਘੱਟ ਦੱਸੀ ਗਈ।

ਸ਼ਿਕਾਇਤਕਰਤਾ ਅਨੁਸਾਰ ਦੋਵਾਂ ਦਾ ਵਿਆਹ ਫਰਵਰੀ 2026 ਵਿੱਚ ਹੋਇਆ ਸੀ ਅਤੇ ਸਮਾਗਮ ਵਿੱਚ ਕਈ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਜਦੋਂ ਉਸ ਨੇ ਔਰਤ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਤਾਂ ਕਥਿਤ ਤੌਰ ’ਤੇ ਪਤਾ ਲੱਗਾ ਕਿ ਉਹ ਪਹਿਲਾਂ ਵਿਆਹੀ ਹੋਈ ਸੀ ਅਤੇ ਉਸ ਦਾ ਤਲਾਕ ਹੋ ਚੁੱਕਾ ਸੀ। ਉਸ ਦਾ ਇੱਕ 18 ਸਾਲਾ ਪੁੱਤਰ ਹੋਣ ਦੀ ਗੱਲ ਵੀ ਸਾਹਮਣੇ ਆਈ।

ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਔਰਤ ਦੀ ਪਛਾਣ ਅਤੇ ਉਮਰ ਸਬੰਧੀ ਦਸਤਾਵੇਜ਼ਾਂ ਨਾਲ ਕਥਿਤ ਤੌਰ ’ਤੇ ਹੇਰਾਫੇਰੀ ਕੀਤੀ ਗਈ ਅਤੇ ਪਿਛਲੇ ਵਿਆਹ ਬਾਰੇ ਜਾਣਕਾਰੀ ਲੁਕਾਈ ਗਈ। ਉਨ੍ਹਾਂ ਮੁਤਾਬਕ ਵਿਆਹ ਤੋਂ ਕੁਝ ਦਿਨ ਬਾਅਦ ਔਰਤ ਘਰੋਂ ਸੋਨੇ ਤੇ ਚਾਂਦੀ ਦੇ ਗਹਿਣੇ ਲੈ ਕੇ ਚਲੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।