You are currently viewing ਨਿਊ ਮੈਕਸੀਕੋ ’ਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਲੈ ਕੇ ਸੈਂਕੜੇ ਲੋਕਾਂ ਖ਼ਿਲਾਫ਼ ਫੌਜਦਾਰੀ ਕੇਸ

ਨਿਊ ਮੈਕਸੀਕੋ ’ਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਲੈ ਕੇ ਸੈਂਕੜੇ ਲੋਕਾਂ ਖ਼ਿਲਾਫ਼ ਫੌਜਦਾਰੀ ਕੇਸ

ਅਲਬੁਕਰਕੀ- ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਵਿੱਚ ਇਮੀਗ੍ਰੇਸ਼ਨ ਅਤੇ ਸਰਹੱਦੀ ਕਾਨੂੰਨਾਂ ਦੀ ਉਲੰਘਣਾ ਦੇ ਮਾਮਲਿਆਂ ਨੂੰ ਲੈ ਕੇ ਫੈਡਰਲ ਸਰਕਾਰ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਿਊ ਮੈਕਸੀਕੋ ਦੇ ਅਮਰੀਕੀ ਅਟਾਰਨੀ ਦਫ਼ਤਰ ਵੱਲੋਂ ਜਾਰੀ ਹਾਲੀਆ ਅੰਕੜਿਆਂ ਅਨੁਸਾਰ ਪਿਛਲੇ ਚਾਰ ਹਫ਼ਤਿਆਂ ਦੌਰਾਨ ਸੈਂਕੜੇ ਲੋਕਾਂ ਖ਼ਿਲਾਫ਼ ਵੱਖ-ਵੱਖ ਫੌਜਦਾਰੀ ਮਾਮਲੇ ਦਰਜ ਕੀਤੇ ਗਏ ਹਨ।

ਸਰਕਾਰੀ ਜਾਣਕਾਰੀ ਮੁਤਾਬਕ 288 ਵਿਅਕਤੀਆਂ ’ਤੇ ਪਹਿਲਾਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਮੁੜ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ 23 ਲੋਕਾਂ ’ਤੇ ਹੋਰਨਾਂ ਵਿਅਕਤੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਵਾਉਣ ਜਾਂ ਮਨੁੱਖੀ ਸਮੱਗਲਿੰਗ ਨਾਲ ਜੁੜੇ ਦੋਸ਼ ਲਾਏ ਗਏ ਹਨ। ਹੋਰ 232 ਵਿਅਕਤੀਆਂ ਖ਼ਿਲਾਫ਼ ਗੈਰਕਾਨੂੰਨੀ ਦਾਖ਼ਲੇ ਦੇ ਮਾਮਲੇ ਦਰਜ ਕੀਤੇ ਗਏ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 284 ਲੋਕਾਂ ’ਤੇ ਗੈਰਕਾਨੂੰਨੀ ਦਾਖ਼ਲੇ ਦੇ ਨਾਲ ਨਿਊ ਮੈਕਸੀਕੋ ਵਿੱਚ ਸਥਾਪਤ ਨੈਸ਼ਨਲ ਡਿਫੈਂਸ ਏਰੀਆ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਅਤੇ ਫੌਜੀ ਜਾਇਦਾਦ ਵਿੱਚ ਬਿਨਾਂ ਮਨਜ਼ੂਰੀ ਦਾਖ਼ਲ ਹੋਣ ਦੇ ਦੋਸ਼ ਵੀ ਲਾਏ ਗਏ ਹਨ।

ਅਧਿਕਾਰੀਆਂ ਅਨੁਸਾਰ ਕੁਝ ਮੁਲਜ਼ਮਾਂ ਦੇ ਪਿਛਲੇ ਅਪਰਾਧਕ ਰਿਕਾਰਡ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਨਸ਼ਿਆਂ, ਚੋਰੀ ਅਤੇ ਹੋਰ ਅਪਰਾਧਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ। ਅਮਰੀਕੀ ਅਟਾਰਨੀ ਦਫ਼ਤਰ ਨੇ ਕਿਹਾ ਕਿ ਇਹ ਕਾਰਵਾਈ ਗੈਰਕਾਨੂੰਨੀ ਇਮੀਗ੍ਰੇਸ਼ਨ, ਮਨੁੱਖੀ ਸਮੱਗਲਿੰਗ ਅਤੇ ਅਪਰਾਧਕ ਗਿਰੋਹਾਂ ਖ਼ਿਲਾਫ਼ ਸਰਕਾਰੀ ਮੁਹਿੰਮ ਦਾ ਹਿੱਸਾ ਹੈ।